ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 6 ਜੂਨ
ਪੁਲੀਸ ਉਸ ਵੀਡੀਓ ਫੁਟੇਜ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 29 ਮਈ ਨੂੰ ਆਪਣੇ ਘਰ ’ਚੋਂ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਪੁਲੀਸ ਨੂੰ ਸ਼ੱਕ ਹੈ ਕਿ ਹਮਲੇ ਤੋਂ ਪਹਿਲਾਂ ਦੋ ਲੜਕਿਆਂ ਨੇ ਸਿੱਧੂ ਮੂਸੇਵਾਲਾ ਦੇ ਘਰੋਂ ਨਿਕਲਣ ਸਬੰਧੀ ਹਮਲਾਵਰਾਂ ਨੂੰ ਜਾਣਕਾਰੀ ਦਿੱਤੀ ਸੀ। ਵੀਡੀਓ ਫੁਟੇਜ ਵਿੱਚ ਨਜ਼ਰ ਆ ਰਹੇ ਲੜਕੇ ਕਤਲ ਤੋਂ ਦੋ-ਤਿੰਨ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਘਰ ਦੇ ਆਸ-ਪਾਸ ਘੁੰਮਦੇ ਦੇਖੇ ਗਏ ਸਨ। ਵੀਡੀਓ ਵਿੱਚ ਲੜਕਿਆਂ ਦਾ ਇੱਕ ਗੁੱਟ ਸਿੱਧੂ ਮੂਸੇਵਾਲਾ ਦੀ ਕਾਲੀ ਥਾਰ ਦੇ ਸਾਹਮਣੇ ਖੜ੍ਹਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਵਿੱਚੋਂ ਇੱਕ ਲੜਕਾ ਡਰਾਈਵਰ (ਜਿੱਥੇ ਸਿੱਧੂ ਮੂਸੇਵਾਲਾ ਬੈਠਾ ਹੈ) ਵਾਲੇ ਪਾਸੇ ਜਾਂਦਾ ਹੈ ਅਤੇ ਗਾਇਕ ਨਾਲ ਸੈਲਫ਼ੀ ਲੈਂਦਾ ਹੈ। ਸੈਲਫੀ ਲੈਣ ਮਗਰੋਂ ਇਹ ਵਿਅਕਤੀ ਇੱਕ ਨੰਬਰ ਡਾਇਲ ਕਰਦਾ ਨਜ਼ਰ ਆ ਰਿਹਾ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਉਹ ਮੂਸੇਵਾਲੇ ਦੇ ਕਾਤਲਾਂ ਨੂੰ ਜਾਣਕਾਰੀ ਦੇ ਰਿਹਾ ਸੀ। ਫੁਟੇਜ ਵਿੱਚ ਚਿਹਰੇ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਹੇ।