ਗੁਰਪ੍ਰੀਤ ਦੌਧਰ
ਅਜੀਤਵਾਲ, 8 ਫਰਵਰੀ
ਪਿੰਡ ਚੂਹੜਚੱਕ ਵਿੱਚ ਸੁਸਾਇਟੀ ਦੀ ਚੋਣ ਅੰਦਰਖਾਤੇ ਸਰਬਸੰਮਤੀ ਨਾਲ ਕਰਨ ਤੇ ਪਿੰਡ ਵਾਸੀਆਂ ਨੇ ਸੁਸਾਇਟੀ ਸਾਹਮਣੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਕੁੱਝ ਕਾਂਗਰਸੀਆਂ ਵੱਲੋਂ ਆਪ ਸਰਬਸੰਪਤੀ ਨਾਲ ਕਮੇਟੀ ਬਣਾ ਕੇ ਮੈਂਬਰ ਬਣਾ ਲਏ ਗਏ ਹਨ ਤੇ ਉਨ੍ਹਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਸਗੋਂ ਪਿੰਡ ਦਾ ਇਕੱਠ ਕਰਕੇ ਸਰਬਸੰਮਤੀ ਕੀਤੀ ਜਾਵੇ। ਕਿਸਾਨ ਆਗੂ ਬਿੱਕਰ ਸਿੰਘ ਨੇ ਕਿਹਾ ਕਿ ਇਹ ਫੈਸਲਾ ਕਿਸਾਨ ਵਿਰੋਧੀ ਹੈ। ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਅਦਾਰੇ ਦੀ ਚੋਣ ਖੁੱਲ੍ਹੇ ਤੌਰ ’ਤੇ ਹੋਣੀ ਚਾਹੀਦੀ ਇਹ ਲੋਕਾਂ ਦੇ ਜਮਹੂਰੀ ਹੱਕ ’ਤੇ ਛਾਪਾ ਹੈ। ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਚੋਣ ਗਲਤ ਢੰਗ ਨਾਲ ਕੀਤੀ ਗਈ ਹੈ। ਸਾਬਕਾ ਚੈਅਰਮੇਨ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਇਨ੍ਹਾਂ ਨੇ ਸਾਡੇ ਵੋਟ ਦੇ ਅਧਿਕਾਰ ’ਤੇ ਡਾਕਾ ਮਾਰਿਆ ਹੈ। ਇਸ ਇਕੱਠ ਨੂੰ ਸਨਦੀਪ ਸਿੰਘ, ਗੁਰਪ੍ਰੀਤ ਸਿੰਘ ਭਜੀ ਨੇ ਵੀ ਸੰਬੋਧਨ ਕੀਤਾ। ਨਵ-ਨਿਯੁਕਤ ਸੁਸਾਇਟੀ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ। ਇਸ ਚੋਣ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ, ਸਾਬਕਾ ਸਰਪੰਚ, ਸਾਬਕਾ ਸੁਸਾਇਟੀ ਪ੍ਰਧਾਨ ਅਤੇ ਦੋਨਾਂ ਪਿੰਡਾਂ ਦੇ ਮੈਂਬਰ ਪੰਚਾਇਤ ਹਾਜ਼ਰ ਸਨ। ਇਸ ਚੋਣ ਲਈ ਪੰਚਾਇਤ ਸੈਕਟਰੀ ਵੱਲੋਂ ਤਰੀਕ ਲੈ ਕੇ ਦਿੱਤੀ ਗਈ ਸੀ। ਇਸ ਸਬੰਧੀ ਚਰਨਜੀਤ ਸਿੰਘ ਸੋਹੀ ਏ.ਆਰ ਸੁਸਾਇਟੀਜ਼ ਮੋਗਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 2 ਫਰਵਰੀ ਨੂੰ ਇਹ ਚੋਣ ਕਰਵਾਉਣ ਲਈ ਪ੍ਰੋਗਰਾਮ ਦਿੱਤਾ ਗਿਆ ਸੀ ਅਤੇ ਆਮ ਇਜਲਾਸ ਸੱਦਿਆ ਗਿਆ ਸੀ। ਇਹ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ।