ਨਵੀਂ ਦਿੱਲੀ, 4 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਜਮਹੂਰੀਅਤ ਵਿੱਚ ਨਾਗਰਿਕਾਂ ਦੀ ਸੁਤੰਤਰਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਸਭ ਤੋਂ ਅਹਿਮ ਚੀਜ਼ਾਂ ਹਨ, ਜੋ ਕਿ ਸਿੱਧੇ ਤੌਰ ’ਤੇ ਵਧੀਆ ਪੁਲੀਸ ਪ੍ਰਬੰਧ ਨਾਲ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚ ਲਗਾਤਾਰ ਸੁਧਾਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪ੍ਰਣਾਲੀ ’ਚ ਹੇਠਲੇ ਪੱਧਰ ਉੱਤੇ ‘ਬੀਟ ਕਾਂਸਟੇਬਲ’ ਤਾਇਨਾਤੀ ਆਮ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਦਿਆਂ ਜਮਹੂਰੀਅਤ ਦੀ ਸਫਲਤਾ ਵਿੱਚ ਸਭ ਤੋਂ ‘ਵੱਡਾ ਯੋਗਦਾਨ’ ਹੈ। ਬਿਊਰੋ ਆਫ ਪੁਲੀਸ ਰਿਸਰਚ ਐਂਡ ਡਿਵੈੱਲਪਮੈਂਟ (ਬੀਆਰਪੀਐਂਡਡੀ) ਦੇ 51ਵੇਂ ਸਥਾਪਨਾ ਦਿਵਸ ਸਮਾਗਮ ਮੌਕੇ ਆਪਣੇ ਕੁੰਜੀਵਤ ਭਾਸ਼ਣ ’ਚ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਜੇਕਰ ਦੇਸ਼ ’ਚ ਕਾਨੂੰਨ ਅਤੇ ਅਮਨ ਸਹੀ ਨਹੀਂ ਹਨ ਤਾਂ ਜਮਹੂਰੀਅਤ ਕਦੇ ਵੀ ਸਫਲ ਨਹੀਂ ਹੋ ਸਕਦੀ। ਉਨ੍ਹਾਂ ਕਿਹਾ, ‘ਜਮਹੂਰੀਅਤ ਸਾਡੀ ਪ੍ਰਕਿਰਤੀ ਹੈ…ਇਹ ਸਾਡਾ ਕਿਰਦਾਰ ਹੈ, ਇਥੋਂ ਤੱਕ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਵੀ ਅਸੀਂ ਇਸ ਨੂੰ ਸਵੀਕਾਰ ਕੀਤਾ। ਜਮਹੂਰੀਅਤ ਵਿੱਚ ਨਾਗਰਿਕਾਂ ਦੇ ਸੁਤੰਤਰਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਸਭ ਤੋਂ ਵੱਡੀ ਚੀਜ਼ ਹੈ।’ ਉਨ੍ਹਾਂ ਕਿਹਾ, ‘ਲੋਕਤੰਤਰ ਸਿਰਫ ਪਾਰਟੀਆਂ ਲਈ ਵੋਟਾਂ ਪਾਉਣਾ ਜਾਂ ਸਰਕਾਰ ਬਣਾਉਣਾ ਹੀ ਨਹੀਂ ਹੈ… ਇਹ ਸਿਰਫ ਨਿਜ਼ਾਮ ਦਾ ਇੱਕ ਹਿੱਸਾ ਹੈ। ਲੋਕਤੰਤਰ ਦੀ ਸਫਲਤਾ ਜਾਂ ਇਸ ਫਲ (ਲਾਭ) ਕੀ ਹੈੈ? ਇਸ ਦਾ ਫਲ/ਨਤੀਜਾ ਇਹ ਹੈ ਕਿ ਦੇਸ਼ ਦੇ 130 ਕਰੋੜ ਲੋਕ, ਆਪਣੀ ਸਮਰੱਥਾ ਅਤੇ ਬੁੱਧੀ ਸਦਕਾ, ਖ਼ੁਦ ਦਾ ਵਿਕਾਸ ਕਰਦੇ ਹਨ ਅਤੇ ਦੇਸ਼ ਨੂੰ ਇਨ੍ਹਾਂ ਦੇ ਵਿਕਾਸ ਤੋਂ ਸਮੁੱਚੇ ਲਾਹਾ ਦਾ ਮਿਲਦਾ ਹੈ।’ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਬੀਪੀਆਰਐਂਡਡੀ ਦਾ ਕੰਮ ਪੁਲੀਸ ਬਲ ’ਚ ਸੁਧਾਰ ਕਰਨਾ ਹੈ। -ਪੀਟੀਆਈ