ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 29 ਸਤੰਬਰ
ਸਥਾਨਕ ਪ੍ਰਸ਼ਾਸਨ ਵੱਲੋਂ ਰੇਲਵੇ ਸਟੇਸ਼ਨ ਦੇ ਕੋਲ ਸੰਜੇ ਨਗਰ ਵਿੱਚ ਸਰਕਾਰੀ ਜ਼ਮੀਨ ਉੱਪਰ ਬਣੀਆਂ 480 ਝੁੱਗੀਆਂ ਪੁਲੀਸ ਦੀ ਮਦਦ ਨਾਲ ਢਾਹ ਦਿੱਤੀਆਂ ਹਨ। ਦੁਪਹਿਰ ਤੱਕ 10 ਹਜ਼ਾਰ ਵਰਗ ਮੀਟਰ ਥਾਂ ਖਾਲੀ ਕਰਵਾ ਲਈ ਗਈ ਸੀ ਪਰ ਕੁੱਝ ਹਿੱਸੇ ਵਿੱਚ ਸੁਪਰੀਮ ਕੋਰਟ ਦਾ ਸਟੇਅ ਮਿਲਿਆ ਹੋਣ ਕਰ ਕੇ ਉੱਥੇ ਤੋੜ-ਫੋੜ ਨਹੀਂ ਕੀਤੀ ਜਾ ਸਕੀ। ਜ਼ਿਕਰਯੋਗ ਹੈ ਕਿ ਇਸ ਦੌਰਾਨ ਲੋਕਾਂ ਦੇ ਵਿਰੋਧ ਨੂੰ ਠੱਲ੍ਹਣ ਲਈ ਜੀਆਰਪੀ, ਆਰਪੀਐਫ ਤੇ ਦੁਰਗਾ ਸ਼ਕਤੀ, ਰੈਪਿਡ ਐਕਸ਼ਨ ਫੋਰਸ ਤਾਇਨਾਤ ਰਹੀ। ਹਾਲਾਂਕਿ ਸਥਾਨਕ ਰਹਿਣ ਵਾਲੇ ਗ਼ਰੀਬ ਲੋਕਾਂ ਨੇ ਜੇਸੀਬੀ ਮਸ਼ੀਨਾਂ ਅੱਗੇ ਆ ਕੇ ਤੋੜ-ਫੋੜ ਦਾ ਵਿਰੋਧ ਵੀ ਕੀਤਾ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ।
ਅਧਿਕਾਰੀਆਂ ਮੁਤਾਬਕ 16 ਹਜ਼ਾਰ ਵਰਗ ਮੀਟਰ ਵਿੱਚ ਵਸੀਆਂ 730 ਝੁੱਗੀਆਂ ਤੋੜੀਆਂ ਜਾਣੀਆਂ ਹਨ ਜੋ ਰੇਲਵੇ ਦੀ ਚੌਥੀ ਲਾਈਨ ਦੇ ਰਾਹ ਵਿੱਚ ਅੜਿੱਕਾ ਬਣ ਰਹੀਆਂ ਹਨ। ਮਜ਼ਦੂਰ ਆਵਾਜ਼ ਸੰਘਰਸ਼ ਸਮਿਤੀ ਨੇ ਮੰਗਲਵਾਰ ਨੂੰ ਸੰਜੇ ਨਗਰ ਢਾਹੇ ਜਾਣ ਨੂੰ ਰੋਕਣ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ ਪਰ ਅਦਾਲਤ ਨੇ ਸੁਣਵਾਈ ਰੱਦ ਕਰ ਦਿੱਤੀ ਸੀ। ਇਸ ਤੋਂ ਬਾਅਦ ਕਮੇਟੀ ਨੇ ਦੇਰ ਰਾਤ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਿਸ ਦੀ ਸੁਣਵਾਈ ਬੁੱਧਵਾਰ ਨੂੰ ਹੋਈ। ਅਦਾਲਤ ਨੇ ਅਗਲੀ ਸੁਣਵਾਈ ਤੱਕ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਢਾਹੁਣਾ ਬੰਦ ਕਰ ਦਿੱਤਾ ਗਿਆ ਸੀ। ਅਗਲੀ ਸੁਣਵਾਈ ਵੀਰਵਾਰ ਨੂੰ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਇਬ ਤਹਿਸੀਲਦਾਰ ਨੇ ਦੱਸਿਆ ਕਿ ਦੁਪਹਿਰ ਕਰੀਬ 1.30 ਵਜੇ ਕਾਰਵਾਈ ਰੋਕਣ ਦੇ ਨਿਰਦੇਸ਼ ਪ੍ਰਾਪਤ ਹੋਏ ਸਨ। ਤੋੜਫੋੜ ਦੇ ਦੌਰਾਨ, ਰੇਲਵੇ ਦੀ ਤਰਫੋਂ ਖੇਤਰੀ ਅਧਿਕਾਰੀ ਤੁਗਲਕਾਬਾਦ ਭਾਵਨਾ ਜੈਨ, ਏਈਐਨ ਵਿਨੇ ਤੇ ਡੀਏਸੀ ਸਾਕੀਰ ਹੁਸੈਨ, ਏਸੀਪੀ ਮੁਨੀਸ਼ ਸਹਿਗਲ, ਜੀਆਰਪੀ ਸਟੇਸ਼ਨ ਇੰਚਾਰਜ ਸੂਰਤਪਾਲ ਜੀਆਰਪੀ ਸਾਈਡ ਤੋਂ ਮੌਜੂਦ ਸਨ।