ਨਿੱਜੀ ਪੱਤਰ ਪ੍ਰੇਰਕ
ਮਲੋਟ, 4 ਅਪਰੈਲ
ਅੱਜ ਪਿੰਡ ਬਾਮ ਵਿੱਚ ਇਕੱਤਰ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਬਾਮ ਦਾ ਕਰੀਬ 2 ਹਜ਼ਾਰ ਰਕਬਾ ਲੰਮੇਂ ਸਮੇਂ ਤੋਂ ਸੇਮ ਦਾ ਸੰਤਾਪ ਹੰਢਾ ਰਿਹਾ ਹੈ, ਜੇਕਰ ਇੱਕ ਦੋ ਵਾਰ ਮਾੜੀ ਮੋਟੀ ਫ਼ਸਲ ਹੋਣ ਦੀ ਸੰਭਾਵੜਾ ਬਣੀ ਤਾਂ ਮੀਂਹ ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਉਨ੍ਹਾਂ ਕਿਹਾ ਕਿ ਸਾਲ 2020-21 ’ਚ ਇੱਕ ਗਿਰਦਾਵਰੀ ਹੋਈ ਸੀ, ਜਿਸ ਦਾ ਅਜੇ ਤੱਕ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਮੁਆਵਜ਼ਾ ਤੱਕ ਨਹੀਂ ਅੱਪੜਿਆ।
ਉਨ੍ਹਾਂ ਕਿਹਾ ਕਿ ਇਸ ਵਾਰ ਵੀ ਕਣਕ ਦੀ ਫਸਲ ਮੰਦੇ ਹਲਾਤੀਂ ਹੈ, ਕਿਤੇ ਕਿਤੇ ਉੱਘੀ ਹੈ, ਜ਼ਿਆਦਾਤਰ ਖੇਤ ਖਾਲੀ ਹੀ ਪਏ ਹਨ, ਇਕੱਤਰ ਹੋਏ ਕਿਸਾਨਾਂ ਹਰਮਨਦੀਪ ਸਿੰਘ, ਜਗਪਾਲ ਸਿੰਘ, ਸ਼ੇਰਬਾਜ ਸਿੰਘ, ਰਾਜਵੰਤ ਸਿੰਘ, ਗੁਰਚਰਨ ਸਿੰਘ, ਤ੍ਰਿਲੋਚਨ ਸਿੰਘ, ਗੁਰਕਰਨ ਸਿੰਘ, ਗੁਰਕੀਰਤ ਸਿੰਘ ਮਨਪ੍ਰੀਤ ਸਿੰਘ ਮੈਂਬਰ ਆਦਿ ਨੇ ਦੱਸਿਆ ਕਿ ਕਿਹਾ ਕਿ ਸਾਲ 2008 ਤੋਂ ਲਗਾਤਾਰ ਫਸਲਾਂ ਮਰਦੀਆਂ ਆ ਰਹੀਆਂ ਹਨ ਅਤੇ ਉਨ੍ਹਾਂ ਨਾਲ ਲਗਾਤਾਰ ਮੁਆਵਜੇ ਪੱਖੋਂ ਪੱਖਪਾਤ ਹੁੰਦਾ ਆ ਰਿਹਾ ਹੈ। ਕਿਸਾਨ ਜਗਪਾਲ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵੇਂ ਭਰਾਵਾਂ ਕੋਲ 50 ਏਕੜ ਜ਼ਮੀਨ ਹੈ ਪਰ ਸੇਮ ਕਰ ਕੇ ਜ਼ਮੀਨਾਂ ਮਾੜੀਆਂ ਹੋਣ ਕਾਰਨ ਉਹ ਦੁੱਧ ਵੇਚ ਕੇ ਅਤੇ ਕਿਰਾਏ ’ਤੇ ਟਰੇਕਟਰ ਵਾਹ ਕੇ ਗੁਜ਼ਾਰਾ ਕਰਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਵੀ ਫ਼ਸਲ ਖਰਾਬੇ ਦੀ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਪਿਛਲੇ ਖਰਾਬੇ ਦਾ ਪੈਸਾ ਉਹਨਾਂ ਦੇ ਖਾਤਿਆਂ ’ਚ ਪਾਇਆ ਜਾਵੇ।