ਦਰਸ਼ਨ ਸਿੰਘ ਸੋਢੀ
ਮੁਹਾਲੀ, 4 ਸਤੰਬਰ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ 547 ’ਚੋਂ 422 ਚੋਣ ਵਾਅਦੇ ਪੂਰੇ ਕਰ ਦਿੱਤੇ ਹਨ, ਜਦੋਂ 52 ਵਾਅਦਿਆਂ ਨੂੰ ਅੰਸ਼ਕ ਤੌਰ ’ਤੇ ਪੂਰਾ ਕੀਤਾ ਗਿਆ ਹੈ ਅਤੇ 59 ਵਾਅਦੇ ਹਾਲੇ ਪੂਰੇ ਕਰਨ ਵਾਲੇ ਰਹਿੰਦੇ ਹਨ। ਇਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ 90 ਫੀਸਦੀ ਵਾਅਦੇ ਪੂਰੇ ਕਰਕੇ ਆਂਧਰਾ ਪ੍ਰਦੇਸ਼ ਦੀ ਚੰਦਰ ਬਾਬੂ ਨਾਇਡੂ ਸਰਕਾਰ ਤੋਂ ਬਾਅਦ ਦੇਸ਼ ਭਰ ਵਿੱਚ ਮੋਹਰੀ ਰਹੀ ਹੈ। ਇੱਥੇ ਹਲਕੇ ਦੇ ਪਿੰਡਾਂ ਵਿੱਚ ਗਰਾਂਟਾਂ ਵੰਡਣ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਜਿਹੜੇ ਵਾਅਦੇ ਪੂਰੇ ਕਰਨ ਵਾਲੇ ਰਹਿੰਦੇ ਹਨ, ਉਨ੍ਹਾਂ ਨੂੰ ਲਾਗੂ ਕਰਨ ਵਿੱਚ ਵੈਟ ਦੀ ਥਾਂ ਜੀਐੱਸਟੀ ਲਾਗੂ ਹੋਣ ਕਾਰਨ ਦਿੱਕਤ ਜ਼ਰੂਰ ਆਈ ਹੈ, ਜਿਸ ਨੂੰ ਛੇਤੀ ਦੂਰ ਕਰ ਕੇ 100 ਫੀਸਦੀ ਵਾਅਦੇ ਪੂਰੇ ਕੀਤੇ ਜਾਣਗੇ। ਆਪਣੇ ਹਲਕੇ ਮੁਹਾਲੀ ਤੇ ਜ਼ਿਲ੍ਹਾ ਐੱਸਏਐੱਸ ਨਗਰ ਦੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 56 ਪਿੰਡਾਂ ਲਈ ਵਿਕਾਸ ਕਾਰਜਾਂ ਵਾਸਤੇ 13 ਕਰੋੜ ਰੁਪਏ ਦੀ ਗਰਾਂਟ ਪੰਜਾਬ ਸਰਕਾਰ ਨੇ ਮਨਜ਼ੂਰ ਕਰ ਦਿੱਤੀ ਹੈ। ਮੰਤਰੀ ਨੇ ਅੱਜ ਪਿੰਡ ਤੰਗੋਰੀ ਦੀਆਂ ਗਲੀਆਂ ਨਾਲੀਆਂ ਲਈ 25.24 ਲੱਖ ਰੁਪਏ, ਨੌਗਿਆਰੀ ਦੀ ਫਿਰਨੀ ਲਈ 28.58 ਲੱਖ ਰੁਪਏ, ਵਾਲਮੀਕ ਭਵਨ ਲਈ 5 ਲੱਖ ਰੁਪਏ, ਮੁਸਲਿਮ ਭਾਈਚਾਰੇ ਦੀ ਧਰਮਸ਼ਾਲਾ ਲਈ 5 ਲੱਖ ਰੁਪਏ ਦੀ ਗਰਾਂਅ ਦਿੱਤੀ। ਸ੍ਰੀ ਸਿੱਧੂ ਨੇ ਗੀਗੇ ਮਾਜਰਾ ਵਿੱਚ ਗਲੀ ਲਈ 10.50 ਲੱਖ, ਗੰਦੇ ਨਾਲੇ ਵਾਸਤੇ 13 ਲੱਖ, ਸ਼ਮਸ਼ਾਨਘਾਟ ਦੇ ਰਸਤੇ ਲਈ 5.91 ਲੱਖ, ਮਿੱਢੇ ਮਾਜਰਾ ਦੇ ਕਮਿਊਨਿਟੀ ਸੈਂਟਰ ਲਈ 15 ਲੱਖ, ਪਿੰਡ ਬਠਲਾਣਾ ਦੇ ਕਮਿਊਨਿਟੀ ਸੈਂਟਰ ਦੀ ਚਾਰਦੀਵਾਰੀ ਵਾਸਤੇ 17 ਲੱਖ, ਛੱਪੜ ਦੀ ਚਾਰਦੀਵਾਰੀ ਲਈ 5 ਲੱਖ ਅਤੇ ਸ਼ਮਸ਼ਾਨਘਾਟ ਦੇ ਸ਼ੈੱਡ ਵਾਸਤੇ 1.50 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਸੌਂਪਿਆ।
ਪਿੰਡਾਂ ਵਿੱਚ ਹੋਏ ਇਕੱਠਾਂ ਦੌਰਾਨ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ, ਮਾਰਕੀਟ ਕਮੇਟੀ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜਸਪਿੰਦਰ ਕੌਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਠੇਕੇਦਾਰ ਮੋਹਨ ਸਿੰਘ ਬਠਲਾਣਾ ਵਾਈਸ ਚੇਅਰਮੈਨ ਲੇਬਰਫੈੱਡ ਪੰਜਾਬ, ਗੁਰਵਿੰਵ ਸਿੰਘ ਬੜੀ, ਮਨਜੀਤ ਸਿੰਘ ਤੰਗੌਰੀ ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ, ਪੰਡਤ ਭੁਪਿੰਦਰ ਕੁਮਾਰ ਸਰਪੰਚ ਨਗਿਆਰੀ, ਸੁਖਵਿੰਦਰ ਸਿੰਘ ਸਰਪੰਚ ਮਿੱਢੇ ਮਾਜਰਾ, ਤਰਸੇਮ ਸਿੰਘ ਸਰਪੰਚ ਗੀਗੇ ਮਾਜਰਾ, ਗੁਰਿੰਦਰ ਸਿੰਘ ਦੈੜੀ ਡਾਇਰੈਕਟਰ ਮਿਲਕ ਪਲਾਂਟ ਐਸ.ਏ.ਐਸ. ਨਗਰ, ਸ਼ੇਰ ਸਿੰਘ ਦੈੜੀ, ਗੁਰਦੀਪ ਸਿੰਘ ਦੈੜੀ ਸਰਪੰਚ, ਟਹਿਲ ਸਿੰਘ ਮਾਣਕਪੁਰ ਕੱਲਰ, ਸਿਮਰਨਜੀਤ ਕੌਰ ਸਰਪੰਚ ਬਠਲਾਣਾ, ਵਜ਼ੀਰ ਸਿੰਘ ਅਤੇ ਕਰਮਦੀਪ ਸਿੰਘ ਬਠਲਾਣਾ ਹਾਜ਼ਰ ਸਨ।