ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਪਰੈਲ
ਪਿੰਡ ਖੋਟੇ ਵਿੱਚ 10 ਏਕੜ ਵਿੱਚ ਫੈਲੇ ਛੱਪਣ ਦੀ ਹੋਂਦ ਨਿਯਮਾਂ ਨੂੰ ਛਿੱਕੇ ਟੰਗ ਕੇ ਖ਼ਤਮ ਕਰਨ ਤੋਂ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਕਰੀਬ 250 ਤੋਂ ਵੱਧ ਲੋਕਾਂ ਦੀ ਅਰਜ਼ੀ ’ਤੇ ਡਿਪਟੀ ਡਾਇਰੈਕਟਰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੇ ਵਿਕਾਸ ਤੇ ਪੰਚਾਇਤ ਅਧਿਕਾਰੀਆਂ ਕੋਲੋਂ ਰਿਪੋਰਟ ਤਲਬ ਕੀਤੀ ਹੈ। ਇਹ ਪਿੰਡ ਹਾਕਮ ਧਿਰ ਦੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦਾ ਹੈ ਅਤੇ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਪਿੰਡ ਦੀ ਸਰਪੰਚ ਹੈ। ਪਿੰਡ ਦੇ ਵਸਨੀਕ ਤੇ ਸਿੰਜਾਈ ਵਿਭਾਗ ’ਚੋਂ ਸੇਵਾਮੁਕਤ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਨਿਰਮਲ ਸਿੰਘ, ਸਤਵੰਤ ਸਿੰਘ ਬਰਾੜ, ਸਮਸ਼ੇਰ ਸਿੰਘ, ਜਗਜੀਤ ਸਿੰਘ, ਸਮਿੱਤਰ ਸਿੰਘ, ਬਲਵੀਰ ਸਿੰਘ, ਬਲਦੇਵ ਸਿੰਘ ਤੇ ਹੋਰਾਂ ਨੇ ਕਿਹਾ ਕਿ ਬਲਾਕ ਨਿਹਾਲ ਸਿੰਘ ਵਾਲਾ ਡਾਰਕ ਜ਼ੋਨ ਵਿੱਚ ਹੈ ਅਤੇ ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਾ ਗਿਆ ਹੈ। ਇਸ ਵੱਡੇ ਛੱਪੜ ਵਿੱਚ ਭਾਰੀ ਮੀਂਹ ਸਮੇਂ ਖੇਤਾਂ ਦਾ ਵਾਧੂ ਪਾਣੀ ਜਮ੍ਹਾਂ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਛੱਪੜ ਨੂੰ ਸਿਖਰਲੀ ਅਦਾਲਤ ਦੇ ਹੁਕਮਾਂ ਦੀ ਘੋਰ ਉਲੰਘਣਾ ਅਤੇ ਨਿਯਮਾਂ ਨੂੰ ਛਿੱਕੇ ਟੰਗ ਕੇ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮਰੱਥ ਅਥਾਰਟੀ ਦੀ ਮਨਜ਼ੂਰੀ ਬਿਨਾਂ ਛੱਪੜ ਜਾਂ ਜ਼ਮੀਨ ਦੀ ਕੁਦਰਤੀ ਸਥਿਤੀ (ਸੀਐੱਲਓ) ਨਹੀਂ ਬਦਲੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਪਹਿਲਾਂ ਹੀ ਸਟੇਡੀਅਮ ਅਤੇ ਉਪਰੋਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਇਹ ਛੱਪੜ ਚਾਲੂ ਰੱਖਣ ਲਈ ਡੀਸੀ, ਮੁੱਖ ਮੰਤਰੀ ਤੇ ਵਿਕਾਸ ਵਿਭਾਗ ਉੱਚ ਅਧਿਕਾਰੀਆਂ ਤੋਂ ਦਖ਼ਲ ਦੀ ਮੰਗ ਕੀਤੀ ਹੈ।
ਬੀਡੀਪੀਓ ਨਿਹਾਲ ਸਿੰਘ ਵਾਲਾ ਕਿਰਪਾਲ ਸਿੰਘ ਨੇ ਕਿਹਾ ਕਿ ਪੰਚਾਇਤ ਵੱਲੋਂ ਛੱਪੜ ਵਾਲੀ ਜਗ੍ਹਾ ਉੱਤੇ ਕ੍ਰਿਕਟ ਸਟੇਡੀਅਮ ਤੇ ਸੈਰਗਾਹ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਡੀਡੀਪੀਓ ਜਗਜੀਤ ਸਿੰਘ ਬੱਲ ਨੇ ਆਖਿਆ ਕਿ ਡਿਪਟੀ ਡਾਇਰੈਕਟਰ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਰਿਪੋਰਟ ਮੰਗੀ ਗਈ ਹੈ।
ਮਹਿਲਾ ਸਰਪੰਚ ਦੇ ਪੁੱਤਰ ਤੇ ਯੂਥ ਕਾਂਗਰਸ ਕੌੌਮੀ ਆਗੂ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਤਕਰੀਬਨ 4 ਕਨਾਲ ਜ਼ਮੀਨ ਵਿੱਚ ਨਵਾਂ ਛੱਪੜ ਆਬਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਵਾਦਗ੍ਰਸਤ ਗੰਦਗੀ ਭਰੇ ਛੱਪੜ ਨੂੰ ਮਗਨਰੇਗਾ ਫੰਡਾਂ ਰਾਹੀਂ ਇਸ ਛੱਪੜ ’ਚ ਪੈਂਦੇ ਗੰਦੇ ਪਾਣੀ ਦੀ ਨਿਕਾਸੀ ਦਾ ਬਦਲਵਾਂ ਪ੍ਰਬੰਧ ਕਰਕੇ ਕ੍ਰਿਕਟ ਸਟੇਡੀਅਮ ਅਤੇ ਫੁੱਲ ਬੂਟੇ ਲਗਾ ਕੇ ਸੁੰਦਰ ਸੈਰਗਾਹ ਬਣਾਉਣ ਨਾਲ ਵਾਤਾਵਰਣ ਵਿੱਚ ਸ਼ੁੱਧਤਾ ਹੋਵੇਗੀ। ਗਰਾਊਂਡ ਵਾਟਰ ਨੂੰ ਰੀਚਾਰਜ ਕਰਨ ਲਈ ਬੋਰ ਕੀਤੇ ਜਾ ਰਹੇ ਹਨ।