ਬੀਜਾਪੁਰ, 27 ਅਕਤੂਬਰ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪੁਲੀਸ ਦਾ ਮੁਖਬਰ ਹੋਣ ਦੇ ਸ਼ੱਕ ਹੇਠ ਮਾਓਵਾਦੀਆਂ ਨੇ ਇਕ ਪੱਤਰਕਾਰ ਦੇ ਭਰਾ ਨੂੰ ਅਗਵਾ ਕਰ ਕੇ ਕਤਲ ਕਰ ਦਿੱਤਾ। ਇਹ ਜਾਣਕਾਰੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦਿੱਤੀ। ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਪੀੜਤ ਬਸੰਤ ਝਾੜੀ ਨੂੰ ਮਾਓਵਾਦੀਆਂ ਨੇ ਸ਼ੁੱਕਰਵਾਰ ਨੂੰ ਅਗਵਾ ਕੀਤਾ ਸੀ ਅਤੇ ਸੋਮਵਾਰ ਨੂੰ ਛੱਤੀਸਗੜ੍ਹ-ਤਿਲੰਗਾਨਾ ਬਾਰਡਰ ’ਤੇ ਪੈਂਦੇ ਪਿੰਡ ਕੋਟਾਪੱਲੀ ਵਿੱਚ ਇਕ ‘ਜਨ ਅਦਾਲਤ’ ਲਗਾਉਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ। ਝਾੜੀ, ਇਕ ਸਥਾਨਕ ਪੱਤਰਕਾਰ ਦਾ ਭਰਾ ਸੀ। ਪੁਲੀਸ ਦਾ ਮੁਖਬਰ ਹੋਣ ਦੇ ਸ਼ੱਕ ਕਾਰਨ ਉਸ ਦਾ ਕਤਲ ਕਰ ਦਿੱਤਾ ਗਿਆ। ਅਧਿਕਾਰੀ ਨੇ ਕਿਹਾ, ‘‘ਪ੍ਰਾਪਤ ਜਾਣਕਾਰੀ ਅਨੁਸਾਰ, ਪੀੜਤ ਦੇ ਸਬੰਧੀਆਂ ਵੱਲੋਂ ਉਸ ਦੀਆਂ ਅੰਤਿਮ ਰਸਮਾਂ ਕਰ ਦਿੱਤੀਆਂ ਗਈਆਂ ਹਨ, ਪਰ ਪੁਲੀਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।’’ -ਪੀਟੀਆਈ