ਯੈਂਗੌਨ, 1 ਜੂਨ
ਮਿਆਂਮਾਰ ਦੀ ਫ਼ੌਜ ਰਾਜ ਪਲਟੇ ਦੇ ਚਾਰ ਮਹੀਨੇ ਗੁਜ਼ਰ ਜਾਣ ਦੇ ਬਾਵਜੂਦ ਜਮਹੂਰੀਅਤ ਪੱਖੀਆਂ ਦੇ ਜੁੰਟਾ ਦੀ ਫ਼ੌਜ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਦਬਾਅ ਨਹੀਂ ਸਕੀ। ਫ਼ੌਜ ਨੇ ਚੁਣੀ ਹੋਈ ਸਰਕਾਰ ਤੋਂ ਸੱਤਾ ਹਥਿਆਉਣ ਮਗਰੋਂ ਆਂਗ ਸਾਂ ਸੂ ਕੀ ਅਤੇ ਉਸ ਦੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਜੇਲ੍ਹ ਵਿੱਚ ਸੁੱਟਿਆ ਹੋਇਆ ਹੈ। ਫੌਜ ਅਤੇ ਸੁਰੱਖਿਆ ਬਲ ਜਮਹੂਰੀਅਤ ਪਸੰਦ ਲੋਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਬੇਤਹਾਸ਼ਾ ਜਬਰ ਢਾਹ ਰਹੀ ਹੈ, ਪਰ ਇਹ ਸਰਹੱਦੀ ਖੇਤਰਾਂ ਵਿੱਚ ਫੈਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਅੱਜ ਕਈ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਕੀਤੇ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ‘ਇਰਾਵਾਦੀ’ ਅਖ਼ਬਾਰ ਦੀ ਤਸਵੀਰ ਵਿੱਚ ਪ੍ਰਦਰਸ਼ਨਕਾਰੀ ਮਿਆਂਮਾਰ ਦੇ ਦੱਖਣ ਵਿੱਚ ਲੌਂਜ ਲੋਨ ਵਿੱਚ ਮਾਰਚ ਕੱਢਦੇ ਨਜ਼ਰ ਆ ਰਹੇ ਹਨ। ‘ਮਿਆਂਮਾਰ ਨਾਓ’ ਪੋਰਟਲ ਮੁਤਾਬਕ, ਪ੍ਰਦਰਸ਼ਨਕਾਰੀਆਂ, ਜਿਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸਨ, ਨੇ ਵਪਾਰਕ ਕੇਂਦਰ ਯੈਂਗੌਨ ਵਿੱਚ ਰੈਲੀ ਕੀਤੀ। ਪ੍ਰਦਰਸ਼ਨਕਾਰੀ ਵੱਲੋਂ ਫੜੀ ਇੱਕ ਤਖ਼ਤੀ ’ਤੇ ਲਿਖਿਆ ਸੀ, ‘‘ਇਹ ਖ਼ਤਮ ਨਹੀਂ ਹੋਇਆ। ਅਜੇ ਸਾਡੀ ਵਾਰੀ ਹੈ।’’ -ਰਾਇਟਰਜ਼