ਕੁਲਦੀਪ ਸਿੰਘ
ਚੰਡੀਗੜ੍ਹ, 21 ਜਨਵਰੀ
ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਟੁੱਟਣ ਦਾ ਖਾਮਿਆਜ਼ਾ ਭਾਜਪਾ ਨੂੰ ਹਾਲ ਹੀ ਵਿੱਚ ਹੋਈਆਂ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਭੁਗਤਣਾ ਪਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖਰੇ ਤੌਰ ’ਤੇ ਚੋਣ ਲੜਨ ਕਰ ਕੇ ਭਾਜਪਾ ਦੀਆਂ ਕਈ ਸੀਟਾਂ ਉੱਤੇ ਸਿੱਧਾ ਅਸਰ ਪਿਆ। ਆਮ ਆਦਮੀ ਪਾਰਟੀ ਨਾਲ ਫਸਵੇਂ ਮੁਕਾਬਲੇ ਕਰ ਕੇ ਮੇਅਰ ਦੀ ਚੋਣ ਦਾ ਮਾਮਲਾ ਅਦਾਲਤ ਵਿੱਚ ਪਹੁੰਚ ਗਿਆ ਹੈ। ਦੋਵੇਂ ਪਾਸੇ ਇੱਕ-ਇੱਕ ਬੈਲਟ ਪੇਪਰ ਫਟਿਆ ਹੋਣ ਕਰ ਕੇ ਧੱਕੇਸ਼ਾਹੀਆਂ ਦੇ ਦੋਸ਼ ਵੀ ਲੱਗੇ ਪ੍ਰੰਤੂ ਸਿਆਸੀ ਮਾਹਿਰ ਦੱਸਦੇ ਹਨ ਕਿ ਜੇਕਰ ਇਸ ਵਾਰ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਤਾਂ ਭਾਜਪਾ ਲਈ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰਨ ਦੀ ਨੌਬਤ ਹੀ ਨਹੀਂ ਆਉਣੀ ਸੀ।
ਕਈ ਵਾਰਡਾਂ ਵਿੱਚ ਤਾਂ ਸਪੱਸ਼ਟ ਹੋ ਗਿਆ ਕਿ ਜੇਕਰ ਗੱਠਜੋੜ ਹੁੰਦਾ ਤਾਂ ਅਕਾਲੀ ਉਮੀਦਵਾਰਾਂ ਵਾਲੀ ਵੋਟ ਭਾਜਪਾ ਉਮੀਦਵਾਰਾਂ ਨੂੰ ਪੈ ਜਾਣੀ ਸੀ। ਇਸ ਤੋਂ ਇਲਾਵਾ ਵਾਰਡ ਨੰਬਰ-30 ਤੋਂ ਚੋਣ ਜਿੱਤ ਚੁੱਕੇ ਅਕਾਲੀ ਉਮੀਦਵਾਰ ਹਰਦੀਪ ਸਿੰਘ ਬੁਟੇਰਲਾ ਦੀ ਵੋਟ ਵੀ ਮੇਅਰ ਦੀ ਚੋਣ ਵਿਚ ਭਾਜਪਾ ਦੇ ਹਿੱਸੇ ਜਾ ਸਕਦੀ ਸੀ। ਜੇਕਰ ਥੋੜੇ ਫ਼ਰਕ ਨਾਲ ਭਾਜਪਾ ਦੀ ਹੋਈ ਹਾਰ ਬਾਰੇ ਵਿਸਥਾਰ ਨਾਲ ਗੱਲ ਕਰੀਏ ਤਾਂ ਵਾਰਡ ਨੰਬਰ-1 ਵਿੱਚ ਭਾਜਪਾ ਉਮੀਦਵਾਰ ਮਨਜੀਤ ਕੌਰ, ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਕੋਲੋਂ 1009 ਵੋਟਾਂ ਨਾਲ ਹਾਰੀ ਹੈ ਜਦਕਿ ਅਕਾਲੀ ਉਮੀਦਵਾਰ ਰਣਦੀਪ ਕੌਰ ਨੂੰ 1305 ਵੋਟਾਂ ਪਈਆਂ। ਜੇਕਰ ਗੱਠਜੋੜ ਹੁੰਦਾ ਤਾਂ ਇਨ੍ਹਾਂ 1305 ਵੋਟਾਂ ਨਾਲ ਭਾਜਪਾ ਉਮੀਦਵਾਰ ਮਨਜੀਤ ਕੌਰ ਜਿੱਤ ਸਕਦੀ ਸੀ। ਇਸ ਵਾਰਡ ਵਿੱਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਵੱਖ-ਵੱਖ ਚੋਣ ਲੜੇ ਜਾਣ ਦਾ ਫ਼ਾਇਦਾ ‘ਆਪ’ ਉਮੀਦਵਾਰ ਜਸਵਿੰਦਰ ਕੌਰ ਨੂੰ ਮਿਲਿਆ। ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਦੇ ਵਾਰਡ ਨੰਬਰ 25 ਵਿੱਚ ਵੀ ਭਾਜਪਾ ਉਮੀਦਵਾਰ ਵਿਜੈ ਰਾਣਾ ਸਿਰਫ਼ 315 ਵੋਟਾਂ ਦੇ ਫ਼ਰਕ ਨਾਲ ਹਾਰੇ ਅਤੇ ਅਕਾਲੀ ਉਮੀਦਵਾਰ ਗੁਰਪ੍ਰੀਤ ਸਿੰਘ ਨੂੰ 514 ਵੋਟਾਂ ਪਈਆਂ। ਇਸੇ ਤਰ੍ਹਾਂ ਵਾਰਡ ਨੰਬਰ 34 ਵਿੱਚ ਭਾਜਪਾ ਉਮੀਦਵਾਰ ਭੁਪਿੰਦਰ ਸ਼ਰਮਾ ਸਿਰਫ਼ 9 ਵੋਟਾਂ ਦੇ ਫ਼ਰਕ ਨਾਲ ਹਾਰ ਗਏ।