ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਦਿੱਲੀ ਨਗਰ ਨਿਗਮ ਅਧੀਨ ਆਉਂਦੀਆਂ ਕੂੜਾ ਇੱਕਠਾ ਕਰਨ ਵਾਲੀਆਂ ਤਿੰਨ ਥਾਵਾਂ, ਉੱਤਰੀ ਹਿੱਸੇ ’ਚ ਭਲਸਵਾ, ਪੂਰਬੀ ਹਿੱਸੇ ’ਚ ਗਾਜ਼ੀਪੁਰ ਤੇ ਦੱਖਣੀ ਹਿੱਸੇ ਓਖਲਾ ਵਿੱਚ ਬਣੇ ਪਹਾੜਨੁਮਾ ਕੂੜੇ ਦੇ ਢੇਰ, ਜਿੱਥੇ ਕੇਂਦਰ ਅਤੇ ਦਿੱਲੀ ਸਰਕਾਰ ਲਈ ਸਿਰਦਰਦੀ ਬਣੇ ਹੋਏ ਹਨ ਉੱਥੇ ਹੀ ਇਨ੍ਹਾਂ ਕੂੜੇ ਦੇ ਪਹਾੜਾਂ ਤੋਂ ਲੋਕ ਵੀ ਕਾਫ਼ੀ ਪ੍ਰੇਸ਼ਾਨ ਹਨ। ਰੋਜ਼ਾਨਾ ਇਨ੍ਹਾਂ ਢੇਰਾਂ ’ਤੇ ਅੱਗ ਲੱਗੀ ਰਹਿੰਦੀ ਹੈ, ਜੋ ਵਾਤਾਵਰਨ ਲਈ ਘਾਤਕ ਸਾਬਤ ਹੋ ਰਹੀ ਹੈ। ਭਲਸਵਾ ਕੂੜਾ ਘਰ ਨੇੜੇ ਰਹਿੰਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਲਾਂ ਆਉਂਦੀਆਂ ਹਨ। ਬਦਬੂ ਨੇ ਉਨ੍ਹਾਂ ਦੀ ਸੁੰਘਣ ਸ਼ਕਤੀ ਪ੍ਰਭਾਵਿਤ ਕੀਤੀ ਹੈ। ਇੱਥੋਂ ਨਿਕਲਦੀ ਮੀਥੇਨ ਗੈਸ ਖ਼ੁਦ ਹੀ ਅੱਗ ਫੜ ਜਾਂਦੀ ਹੈ ਤੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਜ਼ਿਕਰਯੋਗ ਹੈ ਕਿ ਭਲਸਵਾ ਕੂੜਾ ਸਾਈਟ ਕੋਲ ਵੱਡੀ ਆਬਾਦੀ ਵੱਸੀ ਹੋਈ ਹੈ। ਕਰੀਬ 20 ਸਾਲਾਂ ਤੋਂ ਇੱਥੇ ਰਹਿੰਦੇ ਇੱਕ ਨਿਵਾਸੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਹ ਲੈਣ, ਖੰਘ ਹੋਣ ਤੇ ਅੱਖਾਂ ’ਚ ਜਲਣ ਦੀ ਸ਼ਿਕਾਇਤ ਰਹਿੰਦੀ ਹੈ। ਅਪਰੈਲ ਤੋਂ ਜੂਨ ਦਰਮਿਆਨ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਦੀਆਂ ਰਹਿੰਦੀਆਂ ਹਨ। ਗਾਜ਼ੀਪੁਰ ਪਹਾੜਨੁਮਾ ਢੇਰ ਦੀ ਲਪੇਟ ’ਚ ਗਾਜ਼ੀਪੁਰ ਤੋਂ ਇਲਾਵਾ ਦਿੱਲੀ ਦੇ ਇਲਾਕੇ ਕੌਂਡਲੀ, ਪੜਪੜਜੰਗ, ਆਈ. ਪੀ ਐਕਸਟੈਂਸ਼ਨ ਤੇ ਖੋੜਾ ਯੂਪੀ ਦੇ ਨੋਇਡਾ ਦੇ ਰਿਹਾਇਸ਼ੀ ਇਲਾਕੇ ਆਉਂਦੇ ਹਨ। ਨੋਇਡਾ ਦੇ ਰਹਿਣ ਵਾਲੇ ਵਾਤਾਵਰਨ ਕਾਰਕੁਨ ਵਿਕਰਾਂਤ ਟੌਂਗੜ ਨੇ ਕਿਹਾ ਕਿ ਗਾਜ਼ੀਪੁਰ ਦਾ ਕੂੜਾਘਰ ਪ੍ਰਦੂਸ਼ਣ ਦਾ ਸਰੋਤ ਤੇ ਵਾਤਾਵਰਨ ਗੰਧਲਾ ਕਰਦਾ ਹੈ। ਬੱਚੇ ਦਮੇ ਦਾ ਸ਼ਿਕਾਰ ਹਨ। ਸਥਾਨਕ ਲੋਕਾਂ ਨੇ ਮੰਗ ਕੀਤੀ ਕਿ ਹੁਣ ਇਹ ਕੂੜੇ ਦਾ ਢੇਰ ਹਟਾਇਆ ਜਾਵੇ। ਓਖਲਾ ਸਨਅਤੀ ਇਲਾਕੇ ਨੇੜੇ ਬਣਿਆ ਕੂੜਾਘਰ ਈਐੱਸਆਈਸੀ ਹਸਪਤਾਲ ਦੇ ਮਰੀਜ਼ਾਂ ਲਈ ਮੁਸੀਬਤ ਬਣਦਾ ਹੈ।
ਵਾਤਾਵਰਨ ਬਚਾਉਣ ਲਈ ਕੰਮ ਕਰ ਰਹੀ ਹੈ ਦਿੱਲੀ ਸਰਕਾਰ: ਰਾਏ
ਨਵੀਂ ਦਿੱਲੀ: ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਅੱਜ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਾਤਾਵਰਨ ਬਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ, ਪਰ ਹਾਲੇ ਹੋਰ ਕੰਮ ਕੀਤੇ ਜਾਣ ਅਤੇ ਸੁਧਾਰ ਕਰਨ ਦੀ ਲੋੜ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਲਈ ਬਾਹਰ ਦੇ ਲੋਕ ਜ਼ਿੰਮੇਵਾਰ ਨਹੀਂ ਹਨ ਅਤੇ ਸ਼ਹਿਰਵਾਸੀਆਂ ਨੂੰ ਆਪਣੇ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਜ਼ਰੂਰਤ ਹੈ। ਗੋਪਾਲ ਰਾਏ ਨੇ ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਕਰਵਾਏ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਇਲੈਕਟ੍ਰੌਨਿਕ ਬੱਸਾਂ ਚਲਾਉਣ ਵਾਲਾ ਪਹਿਲਾ ਸੂਬਾ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਉਨ੍ਹਾਂ ਕਿਹਾ, ‘‘ਦਿੱਲੀ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ, ਪਰ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਅਸੀਂ ਸੁਧਾਰ ਕਰ ਸਕਦੇ ਹਾਂ।’’ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਖੇਤੀ ਦੀ ਘਾਟ ਹੈ, ਇਸ ਲਈ ਆਮ ਆਮਦੀ ਪਾਰਟੀ ਦੀ ਸਰਕਾਰ ਨੇ ਸ਼ਹਿਰੀ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘‘ਸਾਨੂੰ ਆਪਣੀ ਛੱਤਾਂ ਅਤੇ ਛੱਜਿਆਂ ਨੂੰ ਵੀ ਹਰਿਆਲੀ ਭਰਪੂਰ ਬਣਾਉਣ ਦੀ ਲੋੜ ਹੈ। ਸਰਕਾਰ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਛੇਤੀ ਹੀ ਲੋਕਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਉਹ ਆਪਣੇ ਘਰਾਂ ਵਿੱਚ ਸਬਜ਼ੀਆਂ ਪੈਦਾ ਜਾਂ ਬੀਜ ਸਕਣ।’’ ਗੋਪਾਲ ਰਾਏ ਨੇ ਜ਼ਿਕਰ ਕੀਤਾ ਕਿ ਸਰਕਾਰ ਨੇ ਰਾਜਧਾਨੀ ਵਿੱਚ 10,000 ਤੋਂ ਵੱਧ ਪਾਰਕਾਂ ਨੂੰ ਦੁਬਾਰਾ ਵਿਕਸਤ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ। -ਪੀਟੀਆਈ
ਉਪ ਰਾਜਪਾਲ ਵੱਲੋਂ ਯਮੁਨਾ ਨੂੰ ਮੁੜ ਸੁਰਜੀਤ ਕਰਨ ’ਤੇ ਜ਼ੋਰ
ਨਵੀਂ ਦਿੱਲੀ (ਪੱਤਰ ਪ੍ਰੇਰਕ): ਵਿਸ਼ਵ ਵਾਤਾਵਰਨ ਦਿਵਸ ਮੌਕੇ ਦਿੱਲੀ ਦੇ ਉਪ-ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਡੀਡੀਏ ਵੱਲੋਂ ਵਿਕਸਤ ਕੀਤੇ ਯਮੁਨਾ ਜੈਵ ਵਿਭਿੰਨਤਾ (ਬਾਇਓਡਾਇਵਰਸਿਟੀ) ਪਾਰਕ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਮੁੱਖ ਸਕੱਤਰ ਵੀਸੀ, ਡੀਡੀਏ ਪ੍ਰੋ. ਸੀ.ਆਰ. ਬਾਬੂ, ਪਾਰਕ ਦੇ ਇੰਚਾਰਜ ਵਿਗਿਆਨੀ ਡਾ. ਫੈਯਾਜ਼-ਏ-ਖੁੱਡਸਰ ਤੇ ਹੋਰ ਸੀਨੀਅਰ ਅਧਿਕਾਰੀ ਵੀ ਸਨ। ਇਸ ਦੌਰਾਨ ਉਪ ਰਾਜਪਾਲ ਨੇ ਮੈਡੀਸਨ ਗਾਰਡਨ, ਹਰਬਲ ਪਾਰਕ, ਬਟਰਫਲਾਈ ਪਾਰਕ ਅਤੇ ਪਾਰਕ ਵਿੱਚ ਵਿਕਸਤ ਗਿੱਲੀਆਂ ਜ਼ਮੀਨਾਂ ਅਤੇ ਜਲ ਘਰਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪਾਰਕ ਦੀ ਆਕਸੀਜਨ ਸਮਰੱਥਾ ਨੂੰ ਵਧਾਏਗਾ, ਜਿਸ ਨਾਲ ਇਸ ਨੂੰ ਲੰਬੇ ਸਮੇਂ ਲਈ ਟਿਕਾਊ ਬਣਾਇਆ ਜਾ ਸਕੇਗਾ। ਉਨ੍ਹਾਂ ਪਾਰਕਾਂ ’ਚੋਂ ਸੰਭਾਲੇ ਤੇ ਰੀਚਾਰਜ ਕੀਤੇ ਪਾਣੀ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਅਜਿਹਾ ਰੁੱਖ ਜੋ ਮਨੁੱਖ ਤੇ ਕੁਦਰਤ ਵੱਲੋਂ ਹਰ ਤਰ੍ਹਾਂ ਦੇ ਜ਼ੁਲਮ ਦਾ ਸਾਹਮਣਾ ਕਰਦਾ ਹੈ ਅਤੇ ਫਿਰ ਵੀ ਫਲ, ਭੋਜਨ, ਛਾਂ, ਲੱਕੜ ਅਤੇ ਜੀਵਨ ਨੂੰ ਆਕਸੀਜਨ ਦਿੰਦਾ ਰਹਿੰਦਾ ਹੈ। ਉਨ੍ਹਾਂ ਨੌਜਵਾਨ ਦਿਮਾਗਾਂ ਨੂੰ ਰੁੱਖਾਂ ਤੋਂ ਸਿੱਖਣ ਤੇ ਸੰਕਲਪ ਲੈਣ ਦੀ ਅਪੀਲ ਕੀਤੀ। ਬਾਰਿਸ਼, ਹੜ੍ਹ ਤੇ ਤੂਫਾਨ ਦੇ ਪਾਣੀ ਦੀ ਸੰਭਾਲ ਦੁਆਰਾ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਨੂੰ ਆਪਣੀ ਤਰਜੀਹ ਵਜੋਂ ਦਿੱਲੀ ਨੂੰ ਪਾਣੀ ਦੀਆਂ ਲੋੜਾਂ ਲਈ ਆਤਮਨਿਰਭਰ ਬਣਾਉਣ ਬਾਰੇ ਦੱਸਿਆ ਤੇ ਯਮੁਨਾ ਮੁੜ ਸੁਰਜੀਤ ਕਰਨ ‘ਤੇ ਜ਼ੋਰ ਦਿੱਤਾ।