ਸੰਤੋਖ ਗਿੱਲ
ਗੁਰੂਸਰ ਸੁਧਾਰ, 11 ਅਪਰੈਲ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਲਿਆਂਦੇ ਵਿਵਾਦਿਤ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜਨਵਾਦੀ ਇਸਤਰੀ ਸਭਾ ਵੱਲੋਂ ਪਿੰਡ ਰੱਤੋਵਾਲ ਵਿਚ ਜਨਤਕ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਨੇ ਕਿਹਾ ਕਿ ਜੇਕਰ ਪੱਕੇ ਮੋਰਚਿਆਂ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਿਹਾ ਕਿਸਾਨੀ ਘੋਲ ਠੰਢਾ ਪੈ ਗਿਆ ਤਾਂ ਕੱਲ੍ਹ ਨੂੰ ਸਾਡੇ ਚੁੱਲ੍ਹੇ ਵੀ ਠੰਢੇ ਹੋ ਜਾਣਗੇ, ਇਸ ਲਈ ਜਦੋਂ ਕਿਸਾਨ ਭਰਾ ਹਾੜ੍ਹੀ ਦੀ ਫ਼ਸਲ ਸਾਂਭਣ ਵਿਚ ਰੁੱਝੇ ਹਨ ਤਾਂ ਘੋਲ ਨੂੰ ਮਘਦਾ ਰੱਖਣ ਦੀ ਜ਼ਿੰਮੇਵਾਰੀ ਭੈਣਾਂ ਦੇ ਮੋਢਿਆਂ ‘ਤੇ ਆਣ ਪਈ ਹੈ। ਬੀਬੀ ਸਿਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਕਿਸਾਨੀ ਘੋਲ ਨੂੰ ਮਜ਼ਬੂਤ ਕਰਨ ਲਈ ਉਹ ਪਿੰਡ-ਪਿੰਡ ਜਾ ਕੇ ਔਰਤਾਂ ਨੂੰ ਲਾਮਬੰਦ ਕਰਨਗੀਆਂ। ਪਿੰਡ ਰੱਤੋਵਾਲ ਵਿਚ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਸਕੱਤਰ ਪ੍ਰੋਫੈਸਰ ਪਰਮਜੀਤ ਕੌਰ, ਡਾਕਟਰ ਕਲਮ ਰਤਨ, ਡਾਕਟਰ ਗਗਨਦੀਪ ਕੌਰ, ਕੁਲਜੀਤ ਕੌਰ ਗਰੇਵਾਲ ਨੇ ਵੀ ਸੰਬੋਧਨ ਕੀਤਾ ਅਤੇ ਮੋਦੀ ਹਕੂਮਤ ਦੀ ਹਠਧਰਮੀ ਦੀ ਨਿੰਦਾ ਕਰਦਿਆਂ ਕਿਹਾ ਕਿ ਸੈਂਕੜੇ ਕਿਸਾਨਾਂ ਦੀ ਸ਼ਹਾਦਤ ਦੇ ਬਾਵਜੂਦ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਦਲਵੀਰ ਕੌਰ, ਜਸਵੀਰ ਕੌਰ, ਕਰਮਜੀਤ ਕੌਰ, ਮਨਜੀਤ ਕੌਰ, ਜਸਵੀਰ ਕੌਰ, ਸ਼ਿੰਦਰ ਕੌਰ, ਬਲਵੀਰ ਕੌਰ, ਰਾਜਵਿੰਦਰ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਡਾਕਟਰ ਮਨਜਿੰਦਰ ਸਿੰਘ, ਜਸਪਾਲ ਸਿੰਘ ਚਾਹਲ, ਕੁਲਦੀਪ ਸਿੰਘ, ਜਗਦੀਪ ਸਿੰਘ, ਕੈਪਟਨ ਦਲੀਪ ਸਿੰਘ, ਕਰਮਜੀਤ ਸਿੰਘ, ਜਗਤਾਰ ਸਿੰਘ ਵੀ ਹਾਜ਼ਰ ਸਨ। ਉੱਧਰ ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਲੜੀਵਾਰ ਧਰਨਾ ਜਾਰੀ ਰਿਹਾ ਅਤੇ ਲੁਧਿਆਣਾ ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ ‘ਤੇ ਵੀ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨਾ ਜਾਰੀ ਰਿਹਾ।