ਸਾਂਵਲ ਧਾਮੀ
ਪਿਛਲੇ ਦਿਨੀਂ ਮੈਂ ਗੁਰਦਾਸਪੁਰ-ਮੁਕੇਰੀਆਂ ਰੋਡ ’ਤੇ ਸਥਿਤ ਕਸਬਾ-ਨੁਮਾ ਪਿੰਡ ਪੁਰਾਣਾ ਸ਼ਾਲਾ ’ਚ ਗਿਆ। ਬਿਆਸੀ ਸਾਲਾ ਮਹਿਲ ਸਿੰਘ ਦਿਓ ਪੂਰੀ ਟੌਹਰ ਕੱਢ ਕੇ ਮੇਰੇ ਸਾਹਮਣੇ ਆਣ ਖੜੋਤਾ। ਪਹਿਲਾਂ ਉਹਨੇ ਸਿਆਲਕੋਟੀ ਭੰਗੜਾ ਪਾਇਆ ਤੇ ਫਿਰ ਉੱਚੀ ਆਵਾਜ਼ ’ਚ ਮਾਹੀਆ ਸੁਣਾਇਆ। ਉਹਨੂੰ ਵੇਖਦਾ-ਸੁਣਦਾ ਮੈਂ ਸੋਚਦਾ ਰਿਹਾ ਕਿ ਕੀ ਇਹ ਸੱਚਮੁਚ ਉਹੀਓ ਬੰਦਾ ਏ ਜਿਹਦਾ ਲਗਪਗ ਸਾਰਾ ਟੱਬਰ ਸੰਤਾਲੀ ਦੀ ਭੇਟਾ ਚੜ੍ਹ ਗਿਆ ਸੀ।
‘ਸਾਡੇ ਪਿੰਡ ਦਾ ਨਾਂ ਸੀ, ਮੁੰਨਣਾਂਵਾਲੀ…।’ ਉਹਨੇ ਆਪਣੇ ਗੁਆਚੇ ਪਿੰਡ ਤੋਂ ਗੱਲ ਸ਼ੁਰੂ ਕੀਤੀ।
‘…ਦੀਪੋਕੇ ਦੇ ਲਾਗੇ। ਸਾਡੇ ਪਿੰਡ ’ਚ ਅੱਧੇ ਮੁਸਲਮਾਨ ਸੀ। ਸਾਰੇ ਕਿਰਤੀ। ਮੇਰੇ ਪਿਤਾ ਦਾ ਨਾਂ ਮੁਹੈਣ ਸਿੰਘ ਤੇ ਮਾਤਾ ਦਾ ਨਾਂ ਹਰਨਾਮ ਕੌਰ ਸੀ। ਦਾਦਾ ਸੀ ਨਾਨਕ ਸਿੰਘ। ਦਾਦੀ ਦੇ ਨਾਂ ਦਾ ਨਹੀਂ ਪਤਾ। ਉਂਜ ਉਹਦਾ ਕੱਠ ਮੈਂ ਵੇਖਿਆ। ਮੇਰਾ ਬਾਪ ਵੱਡਾ ਸੀ। ਸੁਰੈਣ ਸਿੰਘ, ਨਰਾਇਣ ਸਿੰਘ, ਗਿਆਨ ਸਿੰਘ ਤੇ ਹਰਨਾਮ ਸਿੰਘ ਉਹਤੋਂ ਛੋਟੇ ਸਨ। ਤਿੰਨ ਉਨ੍ਹਾਂ ਦੀਆਂ ਭੈਣਾਂ ਸਨ। ਚਾਚੇ ਹਰਨਾਮ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਵਿਆਹੇ ਹੋਏ ਸਨ। ਅਗਾਂਹ ਅਸੀਂ ਚਾਰ ਭੈਣਾਂ ਤੇ ਚਾਰ ਭਰਾ ਸਾਂ। ਵੱਡੇ ਦਾ ਨਾਂ ਕਰਨੈਲ ਸਿੰਘ ਸੀ। ਸੰਤਾਲੀ ਵੇਲੇ ਉਹ ਚੌਦਾਂ ਕੁ ਸਾਲ ਦਾ ਹੋਏਗਾ। ਉਹਤੋਂ ਛੋਟਾ ਜਰਨੈਲ ਸਿੰਘ ਸੀ। ਉਹਤੋਂ ਛੋਟਾ ਮੈਂ ਮਹਿਲ ਸਿੰਘ ਸੀ ਤੇ ਮੈਥੋਂ ਛੋਟਾ ਟਹਿਲ ਸਿੰਘ। ਚਾਰ ਭੈਣਾਂ ’ਚੋਂ ਇੱਕ ਸਾਰੇ ਭਰਾਵਾਂ ਤੋਂ ਛੋਟੀ ਸੀ ਤੇ ਬਾਕੀ ਵੱਡੀਆਂ ਸਨ। ਇਨ੍ਹਾਂ ’ਚੋਂ ਸਿਰਫ਼ ਬੀਰੋ ਵਿਆਹੀ ਹੋਈ ਸੀ। ਉਹਤੋਂ ਛੋਟੀ ਦਾ ਨਾਂ ਪਰਸਿੰਨੋਂ ਤੇ ਉਹਤੋਂ ਛੋਟੀ ਦਾ ਨਾਂ ਪਿਆਰੋ ਸੀ।
ਸਾਡੇ ਨਾਨਕੇ ਥਮਥਲ ਦੇ ਕਾਹਲੋਂ ਸਨ। ਸਾਡੀਆਂ ਸਾਰੀਆਂ ਰਿਸ਼ਤੇਦਾਰੀਆਂ ਓਧਰ ਸਨ। ਅਸੀਂ ਤਾਂ ਕਦੇ ਰਾਵੀ ਵੇਖੀ ਵੀ ਨਹੀਂ ਸੀ।
ਸਾਡੇ ਖੂਹ ਨੂੰ ਚੱਕ ਵਾਲਾ ਖੂਹ ਕਹਿੰਦੇ ਸੀ। ਸਾਡੇ ਪੁਰਾਣੇ ਘਰ ’ਚ ਬੜੀ ਤਕੜੀ ਫਲਾਹ ਹੁੰਦੀ ਸੀ। ਉਹਦੇ ਥੱਲੇ ਬੁੜੀਆਂ ਨੇ ਚਰਖੇ ਡਾਹੁਣੇ। ਰੌਣਕ ਮੇਲਾ ਲੱਗਿਆ ਰਹਿੰਦਾ। ਓਧਰ ਬਾਰ੍ਹਾਂ ਪਿੰਡ ਸੀ ਸਾਡੇ ਦਿਓਆਂ ਦੇ। ਦੀਪੋਕੀ ਪਿੰਡ ’ਚ ਸਾਲ ’ਚ ਦੋ ਵਾਰੀ ਸਾਡੇ ਵਡੇਰੇ ਬਾਬੇ ਭੂਰੇ ਦਾ ਮੇਲਾ ਲੱਗਦਾ ਸੀ।’ ਉਹ ਬੋਲੀ ਗਿਆ।
‘ਸੰਤਾਲੀ ’ਚ ਕੀ ਹੋਇਆ?’ ਮੈਂ ਸਵਾਲ ਕੀਤਾ।
‘ਪਿੰਡ ਛੱਡਣ ਤੋਂ ਦਿਹਾੜੀ ਕੁ ਅਗੇਤਾ ਰੌਲਾ ਪਿਆ। ਮੇਰੀ ਮਾਤਾ ਕਹਿੰਦੀ ਆ- ਪੁੱਤਰ ਜਦੋਂ ਕਿਤੇ ਭਾਜ ਪਈ ਤਾਂ ਤੁਸੀਂ ਇੱਦਾਂ ਕਰਿਓ ਜਿਹੜੀ ਜਨਾਨੀ ਲੱਭੀ ਉਹਦਾ ਲੜ ਫੜ ਲਇਓ। ਸਮਝ ਲਿਓ ਕਿ ਉਹੀ ਸਾਡੀ ਮਾਂ ਏ। ਅਸੀਂ ਤੁਰਨ ਲੱਗੇ ਤਾਂ ਪਿੰਡ ਦੇ ਮੁਸਲਮਾਨ ਸਾਡੇ ਗਲ਼ ਲੱਗ ਕੇ ਰੋਂਦੇ ਸੀ ਕਿ ਸਰਦਾਰੋ ਤੁਸੀਂ ਕਿਉਂ ਤੁਰ ਚੱਲੇ ਓ? ਅਸੀਂ ਹੁੱਬੀਪੁਰ ਆ ਗਏ। ਉਹ ਨਿਰਾ ਸਿੱਖਾਂ ਦਾ ਪਿੰਡ ਸੀ। ਨੇੜਲੇ ਨਿੱਕੇ-ਨਿੱਕੇ ਪਿੰਡ ਖੀਵਾ, ਢਪਈ ਤੇ ਮੁੰਨਣਾਵਾਲੀ ਰਲਵੇਂ ਸਨ। ਇੱਥੇ ਸਾਡਾ ਕਾਫ਼ਲਾ ਦੋ ਦਿਨ ਰੁਕਿਆ ਰਿਹਾ। ਧਾੜਵੀ ਢੋਲ ਵਜਾ ਕੇ ਆਉਂਦੇ। ਸਾਡੇ ਬੰਦੇ ਉਨ੍ਹਾਂ ਨੂੰ ਮਾਰ ਕੇ ਭਜਾ ਦਿੰਦੇ। ਅਸਲ ’ਚ ਹੁੱਬੀਪੁਰ ਦੇ ਖੱਤਰੀਆਂ ਕੋਲ ਪੈਸਾ ਬੜਾ ਸੀ। ਉਹ ਆਉਂਦੇ ਸੀ ਉਨ੍ਹਾਂ ਨੂੰ ਲੁੱਟਣ। ਅਸੀਂ ਸੋਚਦੇ ਸਾਂ ਕਿ ਉਨ੍ਹਾਂ ਸਾਡੀਆਂ ਧੀਆਂ-ਭੈਣਾਂ ਦੀ ਇੱਜ਼ਤ ਖਰਾਬ ਕਰਨੀ ਆ।
ਫਿਰ ਤੀਜੇ ਦਿਨ ਜੈਸਤੀਵਾਲੀਏ ਜ਼ੈਲਦਾਰ ਦੇ ਜਥੇ ਨੇ ਹਮਲਾ ਕੀਤਾ। ਅਸੀਂ ਨਿਆਣੇ ਕੋਠਿਆਂ ਦੀਆਂ ਛੱਤਾਂ ’ਤੇ ਚੜ੍ਹ ਕੇ ਦੇਖ ਰਹੇ ਸੀ। ਸਾਡੇ ਬੰਦਿਆਂ ਨੂੰ ਵੀ ਉਨ੍ਹਾਂ ਘੋੜਿਆਂ ਤੋਂ ਲਾਹ ਲਿਆ। ਬੜੀ ਤਕੜੀ ਟੱਕਰ ਸੀ। ਜਦੋਂ ਸਾਡੇ ਉੱਤੇ ‘ਤੜੀਂ-ਤੜੀਂ’ ਕਰਕੇ ਗੋਲੀਆਂ ਵਰ੍ਹੀਆਂ ਤਾਂ ਸਾਡਾ ਗੜ੍ਹ ਟੁੱਟ ਗਿਆ। ਫਿਰ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ, ਭੱਜ ਤੁਰਿਆ।
ਮੇਰੀ ਭੈਣ ਨੇ ਸੱਜੇ ਹੱਥ ਨਾਲ ਮੇਰੀ ਬਾਂਹ ਫੜੀ ਸੀ ਤੇ ਖੱਬੇ ਹੱਥ ਨਾਲ ਛੋਟੇ ਦੀ। ਪੰਦਰਾਂ-ਵੀਹ ਬੁੱਢੀਆਂ, ਬੰਦੇ ਤੇ ਬੱਚੇ ਦੌੜਦੇ ਹੋਏ ਜਦੋਂ ਸੜਕ ’ਤੇ ਜਾ ਚੜ੍ਹੇ ਤਾਂ ਅੱਗੇ ਪੰਜ-ਸੱਤ ਜਵਾਨ ਮੁੰਡੇ ਖੜ੍ਹੇ ਸਨ। ਉਹ ਆਖਣ ਲੱਗੇ-ਹਥਿਆਰ ਸੁੱਟ ਦਿਓ ਅਸੀਂ ਤੁਹਾਨੂੰ ਪਾਰ ਟਪਾ ਦਿੰਦੇ ਆਂ। ਉਨ੍ਹਾਂ ’ਚੋਂ ਇੱਕ ਮੁੰਡੇ ਨੇ ਅਗਾਂਹ ਵਧ ਕੇ ਹਥਿਆਰ ਆਪਣੇ ਕਾਬੂ ’ਚ ਕਰ ਲਏ। ਫਿਰ ਕੋਈ ਹੋਰ ਬੋਲਿਆ-ਫੜ ਲਓ, ਜਾਣ ਨਾ। ਬੰਦੇ ਤਾਂ ਛਾਲਾਂ ਮਾਰ ਗਏ, ਪਰ ਜਨਾਨੀਆਂ ਤੇ ਨਿਆਣੇ ਉਨ੍ਹਾਂ ਭੇਡਾਂ ਵਾਂਗਰ ’ਕੱਠੇ ਕਰ ਲਏ। ਭੈਣ ਕੋਲੋਂ ਗੁੱਟ ਛੁਡਾ ਕੇ ਮੈਂ ਵੀ ਭੱਜਦਾ ਹੋਇਆ ਕਮਾਦ ’ਚ ਜਾ ਵੜਿਆ।
ਕਮਾਦ ’ਚ ਕੋਈ ਪਹਿਲਾਂ ਤੋਂ ਲੁਕੀ ਹੋਈ ਜਨਾਨੀ ਮੈਨੂੰ ਟੱਕਰ ਗਈ। ਮੈਨੂੰ ਉਸੀ ਵੇਲੇ ਮਾਂ ਦੀ ਸਿੱਖਿਆ ਯਾਦ ਆ ਗਈ। ਮੈਂ ਉਸ ਔਰਤ ਦਾ ਪੱਲਾ ਫੜ ਲਿਆ। ਉਹ ਮੇਰਾ ਹੱਥ ਝਾੜਦਿਆਂ ਬੋਲੀ- ਮੈਨੂੰ ਵੀ ਮਰਵਾਣਾ ਈ। ਓਥੇ ਸਾਡੇ ਪਿੰਡ ਦੇ ਲੰਬੜਾ ਦਾ ਮੁੰਡਾ ਪੂਰਨ ਵੀ ਲੁਕਿਆ ਹੋਇਆ ਸੀ। ਉਹ ਮੈਥੋਂ ਦੋ ਕੁ ਸਾਲ ਵੱਡਾ ਸੀ। ਉਹਨੇ ਮੇਰਾ ਗੁੱਟ ਫੜ ਲਿਆ। ਜਿਸ ਰਸਤੇ ਅਸੀਂ ਪਿੰਡੋਂ ਹੁੱਬੀਪੁਰ ਆਏ ਸੀ, ਭਉਂ ਕੇ ਓਧਰ ਨੂੰ ਹੀ ਦੌੜ ਪਏ। ਦਿਨ ਡੁੱਬਦੇ ਨੂੰ ਅਸੀਂ ਆਪਣੇ ਪਿੰਡ ਦੇ ਲਾਗੇ ਤੁਰ ਗਏ। ਹਲਕਾ-ਹਲਕਾ ਮੀਂਹ ਵਰ੍ਹਦਾ ਪਿਆ ਸੀ। ਅਸੀਂ ਬੋਹੜ ਥੱਲੇ ਸੌਂ ਗਏ। ਸਵੇਰੇ ਓਥੋਂ ਨਿਕਲੇ ਤਾਂ ਮੂਹਰੇ ਬਰਛੇ ਫੜੀ ਚਾਰ ਬੰਦੇ ਖੜੋਤੇ ਸੀ। ਮੇਰੇ ਸਿਰ ’ਤੇ ਜੂੜਾ ਸੀ ਤੇ ਪੂਰਨ ਮੋਨਾ ਸੀ। ਸਾਨੂੰ ਵੇਖਦਿਆਂ ਉਹ ਟੁੱਟ ਕੇ ਆ ਪਏ। ਇੱਕ ਬੋਲਿਆ-ਸਿੱਖਾਂ ਦੇ ਮੁੰਡੇ ਮਿਲੇ ਨੇ। ਚਲੋ ਬੋਹਣੀ ਤਾਂ ਹੋਈ। ਇੱਕ ਨੇ ਮੇਰਾ ਜੂੜਾ ਫੜ ਕੇ, ਟੋਕਾ ਉੱਘਰਿਆ ਹੀ ਸੀ ਕਿ ਸਿਆਣੇ ਬੋਲ ਪਏ-ਹੱਤਿਆ ਨਾ ਕਰੀਂ, ਹੱਤਿਆਂ ਨਾ ਕਰੀਂ। ਇਹ ਬੱਚੇ ਬੇਦੋਸ਼ੇ ਆ। ਨੇੜੇ ਖੜ੍ਹੀਆਂ ਚਾਰ-ਪੰਜ ਜਨਾਨੀਆਂ ਸਾਰਾ ਕੁਝ ਵੇਖ ਰਹੀਆਂ ਸਨ। ਸਾਨੂੰ ਛੱਡ ਕੇ ਉਹ ਜਨਾਨੀਆਂ ਨੂੰ ਆਂਹਦੇ-ਨੀਂ ਫਲਾਣੀਏਂ, ਆਹ ਦੇਖੋ ਕਿੰਨੇ ਸੋਹਣੇ ਬੱਚੇ ਨੇ। ਇਨ੍ਹਾਂ ਨੂੰ ਘਰ ਲੈ ਜਾਓ। ਤੁਹਾਡੇ ਡੰਗਰ-ਡੁੰਗਰ ਚਾਰਨਗੇ। ਉਨ੍ਹਾਂ ’ਚੋਂ ਦੋ ਨੇੜੇ ਆ ਕੇ ਬੋਲੀਆਂ-ਸਾਡੇ ਨਾਲ ਆ ਜਾਓ ਪੁੱਤ।
ਪੂਰਨ ਥੋੜ੍ਹਾ ਸਲੇਰੇ ਰੰਗ ਦਾ ਸੀ। ਮੈਂ ਬੜਾ ਸੋਹਣਾ ਸੀ। ਤਕੜੀ ਜਨਾਨੀ ਮੇਰਾ ਗੁੱਟ ਫੜਦਿਆਂ ਬੋਲੀ- ਮੈਂ ਤਾਂ ਆਹ ਲੈਣਾ ਈ।
ਅਸੀਂ ਅੱਠ ਪਹਿਰ ਦੇ ਭੁੱਖੇ ਸਾਂ। ਮੇਰੇ ਵਾਲੀ ‘ਮਾਂ’ ਨੇ ਮੈਨੂੰ ਦਹੀਂ ਨਾਲ ਤੰਦੂਰ ਦੀ ਰੋਟੀ ਦਿੱਤੀ। ਮੈਂ ਖਾਣ ਲੱਗ ਪਿਆ। ਓਧਰ ਪੂਰਨ ਮੇਰੇ ਬਗੈਰ ਰੋਟੀ ਨਾ ਖਾਏ। ਉਹ ਔਰਤ ਉਹਨੂੰ ਵੀ ਸਾਡੇ ਵੱਲ ਲੈ ਆਈ। ਮੈਨੂੰ ਰੋਟੀ ਖਾਂਦਿਆਂ ਵੇਖ ਉਹ ਆਖਣ ਲੱਗੀ-ਤੇਰਾ ਠਾਕੁਰ ਤਾਂ ਬੜਾ ਵਧੀਆ ਖਾਂਦਾ। ਜਿਵੇਂ ਤੂੰ ਇਹਦੀ ਮਾਂ ਹੁੰਦੀ ਏਂ। ਮੇਰੇ ਵਾਲਾ ਤਾਂ ਰੋਈ ਜਾਂਦਾ। ਮੇਰੇ ਵਾਲੀ ਆਂਹਦੀ-ਕੋਈ ਗੱਲ ਨਹੀਂ, ਤੂੰ ਇਹਨੂੰ ਵੀ ਇੱਥੇ ਛੱਡ ਜਾ।
ਮੇਰੇ ਨਾਲ ਪੂਰਨ ਨੇ ਵੀ ਰੋਟੀ ਖਾ ਲਈ। ਰੋਟੀ ਖੁਆ ਕੇ ਉਹ ਔਰਤ ਆਂਹਦੀ- ਇੱਥੇ ਬਾਹਰ ਖੇਡ ਲਿਓ, ਪਰ ਦੂਰ ਨਾ ਜਾਇਓ।
ਜਦੋਂ ਅਸੀਂ ਬਾਹਰ ਨਿਕਲੇ ਤਾਂ ਤੁਰਦੇ-ਤੁਰਦੇ ਪਿੰਡ ਦੀ ਫਿਰਨੀ ’ਤੇ ਆ ਗਏ। ਪੂਰਨ ਨੇ ਪਛਾਣ ਲਿਆ ਕਿ ਅੱਗੇ ਤਾਂ ਸਾਡੇ ਪਿੰਡ ਦੇ ਖੇਤ ਆ ਜਾਣੇ ਆ। ਉਦੋਂ ਕੱਚੇ ਰਾਹ ਹੁੰਦੇ ਸੀ ਤੇ ਨਾਲ-ਨਾਲ ਹੁੰਦੇ ਸੀ ਮਲ੍ਹੇ। ਪੂਰਨ ਮੇਰੀ ਬਾਂਹ ਫੜ ਕੇ ਦੌੜ ਪਿਆ। ਆਪਣੇ ਪਿੰਡ ਦੀ ਜੂਹ ’ਚ ਪਹੁੰਚੇ ਤਾਂ ਸਾਨੂੰ ਸ਼ਫ਼ੀ ਚਾਚਾ ਟੱਕਰ ਗਿਆ। ਉਹਨੇ ਰੋਟੀਆਂ ਦੀ ਥੱਬੀ ਬੁੱਕਲ ’ਚ ਦਿੱਤੀ ਹੋਈ ਸੀ ਤੇ ਅਚਾਰ ਦਾ ਲਿਫ਼ਾਫ਼ਾ ਹੱਥ ’ਚ ਫੜਿਆ ਹੋਇਆ ਸੀ। ਉਹ ਸਾਡੇ ਖੂਹ ’ਤੇ ਲੁਕੇ ਚਾਚੇ ਹੋਰਾਂ ਨੂੰ ਰੋਟੀ ਦੇਣ ਤੁਰਿਆ ਸੀ। ਉਹਨੇ ਹੱਥਲੀਆਂ ਸ਼ੈਆਂ ਥੱਲੇ ਰੱਖੀਆਂ ਤੇ ਸਾਨੂੰ ਬੁੱਕਲ ’ਚ ਲੈ ਲਿਆ।
ਸ਼ਫ਼ੀ ਮੇਰੇ ਚਾਚਿਆਂ ਦਾ ਹਾਣੀ ਸੀ। ਜਦੋਂ ਅਸੀਂ ਚਾਚੇ ਗਿਆਨ ਸਿਉਂ ਨੂੰ ਮਿਲੇ ਤਾਂ ਉਹ ਆਂਹਦਾ-ਓਏ ਸ਼ਫ਼ੀ, ਮੇਰੇ ਭਰਾ ਵੀ ਪਤਾ ਨਈਂ ਕਿੱਥੇ ਮਰ-ਮੁੱਕ ਗਏ ਹੋਣੇ ਨੇ। ਅਸੀਂ ਵੀ ਖਰੇ ਕਿਸੇ ਪਾਸੇ ਅੱਪੜਨਾ ਵੀ ਹੈ ਕਿ ਨਈਂ। ਸਾਡੀ ਜੜ ਬਚੀ ਰਹੂ। ਤੂੰ ਇਉਂ ਕਰ ਇਨ੍ਹਾਂ ਮੁੰਡਿਆਂ ਨੂੰ ਜੈਸਤੀਵਾਲੀਏ ਜ਼ੈਲਦਾਰ ਕੋਲ ਪਹੁੰਚਾ ਦੇ। ਸਾਡੀ ਭੈਣ ਦਾ ਜੇਠ ਬੜਾ ਬਦਮਾਸ਼ ਬੰਦਾ ਸੀ। ਜ਼ੈਲਦਾਰ ਯਾਰ ਸੀ ਉਹਦਾ। ਜ਼ੈਲਦਾਰ ਉਨ੍ਹਾਂ ਦੀਆਂ ਘੋੜੀਆਂ ਅਤੇ ਮਹੀਆਂ ਵੀ ਆਪਣੀ ਹਵੇਲੀ ’ਚ ਲੈ ਆਇਆ ਸੀ।
ਸ਼ਫ਼ੀ ਚਾਚਾ ਸਾਨੂੰ ਪਿੰਡ ਲੈ ਆਇਆ। ਸਾਨੂੰ ਵੇਖਦਿਆਂ ਉਹਦਾ ਪਿਉ ਦਿੱਤਾ ਕਹਿਣ ਲੱਗਾ- ਸ਼ਫ਼ੀ, ਜੇ ਪਾਗਲਾਂ ਨੂੰ ਪਤਾ ਲੱਗ ਗਿਆ ਤਾਂ ਉਨ੍ਹਾਂ ਇਨ੍ਹਾਂ ਬੱਚਿਆਂ ਨੂੰ ਮਾਰ ਦੇਣਾ। ਇਨ੍ਹਾਂ ਨੂੰ ਅੰਦਰ ਵਾੜ ਕੇ ਤੂੰ ਹੁਣੇ ਜੈਸਤੀਵਾਲ ਤੁਰ ਜਾ। ਸ਼ਫ਼ੀ ਨੂੰ ਜੈਸਤੀਵਾਲ ਤੋਰ ਕੇ ਬਾਬੇ ਦਿੱਤੋ ਨੇ ਮੇਰਾ ਸਿਰ ਮੁੰਨ ਦਿੱਤਾ। ਉਹਦਾ ਕੰਮ ਵੀ ਏਹੋ ਸੀ।
ਹੁੱਬੀਪੁਰੋਂ ਸਿੱਖਾਂ-ਹਿੰਦੂਆਂ ਨੂੰ ਮਾਰ-ਭਜਾ ਕੇ ਜ਼ੈਲਦਾਰ ਆਪਣੀ ਹਵੇਲੀ ਪਹੁੰਚਿਆ। ‘ਅੱਜ ਬਹੁਤ ਭਜਾਏ ਨੇ ਸਿੱਖ ਹੁੱਬੀਪੁਰੋਂ। ਸਾਡੇ ਵੀ ਬਹੁਤ ਬੰਦੇ ਮਰੇ ਨੇ।’ ਕੁੱਲਾ ਲਾਹਉਂਦਿਆਂ ਜਦੋਂ ਉਹਨੇ ਇਹ ਗੱਲ ਆਖੀ ਤਾਂ ਮੇਰੀ ਭੈਣ ਤੜਫ਼ ਕੇ ਬੋਲੀ -ਓਥੇ ਤਾਂ ਮੇਰਾ ਸਾਰਾ ਟੱਬਰ ਸੀ। ਜੇ ਉਹ ਨਈਂ ਰਹੇ ਤਾਂ ਤੂੰ ਮੈਨੂੰ ਵੀ ਗੋਲੀ ਮਾਰ ਦੇ।
ਜ਼ੈਲਦਾਰ ਬੋਲਿਆ- ਜੇ ਜੀਣ ਨੂੰ ਜੀ ਨਈਂ ਕਰਦਾ ਤਾਂ ਬਾਹਰ ਨਿਕਲ ਜਾਓ। ਤੁਹਾਨੂੰ ਮਾਰਨ ਵਾਲੇ ਤਾਂ ’ਵਾਜ਼ਾਂ ਪਏ ਮਾਰਦੇ ਨੇ। ਮੇਰਾ ਭਣੂੰਜਾ ਆਪਣੀ ਉਹਨੂੰ ਕਹਿੰਦਾ-ਹੁਣ ਸਬਰ ਕਰ ਲੈ। ਜੇ ਇਨ੍ਹਾਂ ਸਾਨੂੰ ਹਵੇਲੀ ’ਚੋਂ ਕੱਢ ਦਿੱਤਾ ਤਾਂ ਲੋਕਾਂ ਸਾਨੂੰ ਉਸੀ ਵੇਲੇ ਮਾਰ ਸੁੱਟਣਾ ਏ।
ਮੇਰੀ ਭੈਣ ਝੋਲੀ ਅੱਡ ਕੇ ਬੋਲੀ-ਸੱਚੇ ਪਾਤਸ਼ਾਹ, ਮੇਰੀ ਮਾਂ ਨੇ ਚਾਰ ਜੰਮੇ ਸੀ। ਉਨ੍ਹਾਂ ’ਚੋਂ ਇੱਕ ਹੀ ਬਚਾ ਲਈਂ। ਮੈਂ ਹਿੰਦੋਸਤਾਨ ’ਚ ਜਾ ਕੇ ਆਪਣੇ ਪੇਕੇ ਬਣਾ ਲਵਾਂਗੀ। ਉਹਦੀ ਅਰਦਾਸ ਮੁੱਕੀ ਤਾਂ ਓਥੇ ਸ਼ਫ਼ੀ ਚਾਚਾ ਅੱਪੜ ਗਿਆ। ਉਹਨੇ ਸਾਡੇ ਬਾਰੇ ਦੱਸਿਆ। ਸਾਰੀ ਗੱਲ ਸੁਣ ਕੇ ਜ਼ੈਲਦਾਰ ਬੋਲਿਆ- ਦੋਵੇਂ ਬੱਚੇ ਇੱਥੇ ਲੈ ਆ। ਉਸੀ ਰਾਤ ਸ਼ਫ਼ੀ ਚਾਚਾ ਸਾਨੂੰ ਜ਼ੈਲਦਾਰ ਦੀ ਹਵੇਲੀ ਛੱਡ ਆਇਆ।
ਜ਼ੈਲਦਾਰ ਆਖਣ ਲੱਗਾ-ਭਲੇ ਲੋਕੋ, ਹੋਰ ਕੁਝ ਨਈਂ ਨਾਲ ਜਾਣਾ। ਜੋ ਤੁਹਾਡਾ ਬੁੱਕਲ ਦਾ ਮਾਲ ਆ, ਉਹ ਨਾਲ ਲੈ ਲਓ। ਉਸੀਂ ਸ਼ਾਮ ਜੈਸਤੀਵਾਲ ਤੋਂ ਤੁਰ ਕੇ ਅਸੀਂ ਪਸਰੂਰ ਪਹੁੰਚੇ। ਅਗਲੇ ਦਿਨ ਸਾਡਾ ਕਾਫ਼ਲਾ ਰਵਾਨਾ ਹੋ ਗਿਆ। ਸਾਰੇ ਕੀੜੀਆਂ ਵਾਂਗੂੰ ਤੁਰ ਪਏ, ਸਹਿਜੇ-ਸਹਿਜੇ। ਧਾੜਵੀ ਜਿੱਥੇ ਕਿਤੇ ਵੇਖਦੇ, ਸਾਨੂੰ ਬਾਂਦਰਾਂ ਵਾਂਗ ਪੈ ਜਾਂਦੇ। ਚੰਦੋਵਾਲ ਵਾਲੇ ਥੇਹ ’ਤੇ ਆਣ ਕੇ ਸਾਡਾ ਕਾਫ਼ਲਾ ਰਾਤ ਕੱਟਣ ਵਾਸਤੇ ਰੁਕ ਗਿਆ।
ਜਦੋਂ ਅਸੀਂ ਜੱਸੜੀ ਆਏ ਤਾਂ ਮੁਰਦਿਆਂ ਦੀਆਂ ਧੜਾਂ ਦੀਆਂ ਧੜਾਂ ਪਈਆਂ ਸਨ। ਬੁਸ਼ਕੜੀਆਂ ਕੋਲ ਪਈਆਂ। ਕਈ ਬੱਚੇ ਮੋਈਆਂ ਮਾਵਾਂ ਨੂੰ ਚੁੰਘਣ ਡਹੇ। ਜਦੋਂ ਰਾਵੀ ਟੱਪੇ ਤਾਂ ਡੇਰਾ ਬਾਬਾ ਨਾਨਕ ਕੋਲ ਵੀ ਹਜ਼ਾਰਾਂ ਲੋਕ ਮਰੇ ਪਏ ਸੀ। ਅਸੀਂ ਦੋਹੀਂ ਪਾਸੀ ਬੜਾ ਪਾਪ ਵੇਖਿਆ।’ ਠੰਢਾ ਹਉਕਾ ਭਰਦਿਆਂ ਉਹ ਚੁੱਪ ਹੋ ਗਿਆ।
‘ਤੁਹਾਡੇ ਘਰਦਿਆਂ ਨਾਲ ਕੀ ਹੋਇਆ?’ ਮੈਂ ਅਗਾਂਹ ਪੁੱਛਿਆ।
‘ਭੈਣ ਨੂੰ ਮਿਲਟਰੀ ਲੈ ਕੇ ਆਈ ਸੀ। ਇੱਕ ਚਾਚਾ ਵੀ ਇੱਧਰ ਆ ਗਿਆ ਸੀ। ਪਿਉ ਮੇਰੇ ਨੂੰ ਤਾਂ ਲੜਾਈ ’ਚ ਗੋਲੀ ਵੱਜ ਗਈ ਸੀ। ਭਰਾ ਵੀ ਓਥੇ ਨਿੱਖੜ ਗਏ। ਮਾਤਾ ਬਾਰੇ ਪਤਾ ਲੱਗਿਆ ਕਿ ਕਿਸੇ ਬਦਮਾਸ਼ ਨੇ ਉਹਨੂੰ ਬਾਂਹੋਂ ਫੜ ਕੇ ਖਿੱਚਿਆ ਤਾਂ ਉਹ ਆਖਣ ਲੱਗੀ-ਹੱਥ ਨਾ ਲਾ ਮੈਨੂੰ। ਇਹ ਆਖ ਉਹਨੇ ਬੰਦੇ ਦੇ ਏਡੀ ਜ਼ੋਰ ਦੀ ਚਪੇੜ ਮਾਰੀ ਕਿ ਉਹ ਫੁੜਕ ਕੇ ਡਿੱਗ ਪਿਆ ਸੀ। ਦੂਜੇ ਨੇ ਤਲਵਾਰ ਮਾਰੀ ਤੇ ਮੇਰੀ ਮਾਂ ਦੀ ਧੌਣ…।’ ਵਾਕ ਅਧੂਰਾ ਛੱਡਦਿਆਂ ਉਹਨੇ ਹਉਕਾ ਭਰਿਆ।
‘ਬੜੀ ਜਵਾਨ ਸੀ ਉਹ। ਅਸੀਂ ਦੋਏ ਭਰਾ ਇੱਕ ਥਣ ਨਾਲ ਰੱਜ ਜਾਂਦੇ ਸੀ। ਉਹ ਗੁੱਜਰੀਆਂ ਵਾਲਾ ਕਮੀਜ਼ ਪਹਿਨਦੀ ਸੀ। ਉਹਦੀ ਖਲ ਦੀ ਜੁੱਤੀ ਚੀਕੂੰ-ਚੀਕੂੰ ਕਰਦੀ ਹੁੰਦੀ ਸੀ।’ ਉਹਦੇ ਬੋਲ ਭਾਰੇ ਹੋ ਗਏ।
ਮੈਂ ਹੁੰਗਾਰਾ ਭਰਨਾ ਵੀ ਮੁਨਾਸਬਿ ਨਾ ਸਮਝਿਆ।
‘ਮੇਰੀਆਂ ਤਿੰਨ ਭੈਣਾਂ ਤਾਂ ਇੱਧਰ ਆ ਗਈਆਂ, ਪਰ ਜਿਹੜੀ ਮਾਂ ਦੇ ਕੁੱਛੜ ਸੀ ਉਹਦਾ ਮੁੜ ਕੋਈ ਪਤਾ ਨਹੀਂ ਲੱਗਿਆ। ਪਤਾ ਨਈਂ ਉਹ ਮਰ ਗਈ ਜਾਂ ਕਿਤੇ…! ਕਰਨੈਲ, ਜਰਨੈਲ, ਮਹਿਲ ਸਿੰਘ ਤੇ ਟਹਿਲ ਸਿੰਘ; ਚਾਰ ਭਰਾਵਾਂ ’ਚੋਂ ਮੈਂ ਇਕੱਲਾ ਹੀ ਇੱਧਰ ਆਇਆਂ ਸੀ। ਅਗਾਂਹ ਮੈਂ ਵੀ ਭਰਾਵਾਂ ਵਾਂਗ ਪੁੱਤਰਾਂ ਦੇ ਨਾਂ ਇੱਕ ਦੂਜੇ ਨਾਲ ਰਲਦੇ ਮਿਲਦੇ ਰੱਖੇ ਨੇ। ਨਿਸ਼ਾਨ ਸਿੰਘ, ਧਿਆਨ ਸਿੰਘ, ਭਗਵਾਨ ਸਿੰਘ, ਚੌਹਾਨ ਸਿੰਘ ਤੇ ਸੁਜਾਨ ਸਿੰਘ। ਪੂਰਨ ਵੀ ਸਾਰੇ ਟੱਬਰ ’ਚੋਂ ’ਕੱਲਾ ਬਚ ਕੇ ਆਇਆ ਸੀ। ਉਹਦੀ ਭੈਣ ਉਹਨੂੰ ਅੰਮ੍ਰਿਤਸਰ ਲੈ ਗਈ ਸੀ। ਉਹ ਮੈਨੂੰ ਮੁੜ ਕੇ ਨਈਂ ਮਿਲਿਆ। ਓਥੇ ਉਹ ਖੱਡੀਆਂ ਦੇ ਕਾਰਖਾਨੇ ’ਚ ਲੱਗ ਗਿਆ ਸੀ। ਮੈਨੂੰ ਅੱਜ ਵੀ ਆਸ ਏ ਕਿ ਮੇਰੇ ਭਰਾ ਹਾਲੇ ਜਿਉਂਦੇ ਨੇ। ਉਹ ਬੜੇ ਸੋਹਣੇ ਸਨ। ਉਨ੍ਹਾਂ ਨੂੰ ਕਿਸੇ ਨੇ ਮਾਰਿਆ ਨਈਂ ਹੋਣਾ। ਪਾਲ਼ ਲਿਆ ਹੋਣਾ।’ ਉਹਦੀਆਂ ਸਿੱਲੀਆਂ ਅੱਖਾਂ ’ਚੋਂ ਆਸ ਚਮਕ ਉੱਠੀ।
‘ਪੂਰਨ ਸਿੰਘ ਦਾ ਕੀ ਬਣਿਆ?’ ਮੈਂ ਪੁੱਛਿਆ।
‘ਮੇਰੇ ਮਾਮੇ ਵੀ ਆ ਗਏ ਸੀ, ਸੁੱਖੀ-ਸਾਂਦੀ। ਉਹ ਸੰਗਰਾਵੀਂ ਬੈਠੇ ਸਨ, ਬਟਾਲੇ ਦੇ ਕੋਲ। ਉਨ੍ਹਾਂ ਦੇ ਚਾਰ ਬੱਚੇ ਸਨ। ਮੈਂ ਉਨ੍ਹਾਂ ਨਾਲ ਘੁਲ-ਮਿਲ ਗਿਆ। ਘਰਦਿਆਂ ਦੀ ਬਹੁਤੀ ਘਾਟ ਮਹਿਸੂਸ ਨਹੀਂ ਹੋਈ। ਜਦੋਂ ਮੈਂ ਗਲੀ ’ਚ ਖੇਡਦੇ ਹੋਣਾ ਤਾਂ ਨਾਨਕਿਆਂ ਦੇ ਪਿੰਡ ਦੀਆਂ ਜਨਾਨੀਆਂ ਨੇ ਮੈਨੂੰ ਬੁੱਕਲ ’ਚ ਲੈ ਕੇ ਰੋਇਆ ਕਰਨਾ। ਆਖਣਾ-ਸਾਡੀ ਕੁੜੀ ਦਾ ਕਿੰਨਾ ਹਰਿਆ-ਭਰਿਆ ਟੱਬਰ ਸੀ। ਸਭ ਕੁਝ ਗੁਆਚ ਗਿਆ।
ਫਿਰ ਮੈਨੂੰ ਚਾਚੇ ਸੁਰੈਣ ਸਿੰਘ ਨਾਲ ਡੇਹਰੀਵਾਲ ਪਿੰਡ ’ਚ ਪੈਲੀ ਪੈ ਗਈ। ਪਹਿਲਾਂ ਮੇਰੀ ਜ਼ਮੀਨ ਖੂਹਾਂ ’ਤੇ ਸੀ, ਪਰ ਮੁਰੱਬੇਬੰਦੀ ’ਚ ਮੈਨੂੰ ਕੱਲਰ ਮਿਲ ਗਈ। ਮੈਨੂੰ ਭੈਣ ਆਪਣੇ ਪਿੰਡ ਇੱਥੇ ਲੈ ਆਈ। ਮੈਂ ਬਾਰ੍ਹਾਂ ਸਾਲ ਇਨ੍ਹਾਂ ਦੇ ਡੰਗਰ ਚਾਰੇ। ਉੱਨੀ ਸਾਲ ਦੀ ਉਮਰ ’ਚ ਮੇਰਾ ਵਿਆਹ ਹੋ ਗਿਆ। ਮੈਂ ਅੱਠ ਹਜ਼ਾਰ ’ਚ ਡੇਹਰੀਵਾਲ ਵਾਲੇ ਆਪਣੇ ਅੱਠ ਕਿਲੇ ਵੇਚ ਦਿੱਤੇ ਤੇ ਅੱਠ ਝੋਟੀਆਂ ਲੈ ਲਈਆਂ। ਮੱਝਾਂ ਵੇਚ-ਵੇਚ ਮੈਂ ਆਏ ਸਾਲ ਦੋ ਕਿਲੇ ਖ਼ਰੀਦ ਲੈਂਦਾ। ਹੁਣ ਮੇਰਾ ਸੌ ਕਿਲੇ ਤਾਂ ਕਮਾਦ ਖੜ੍ਹਾ। ਮੇਰਾ ਹੱਸਦਾ-ਵੱਸਦਾ ਪਰਿਵਾਰ ਆ। ਸਭ ਕੁਝ ਆ, ਪਰ ਮੈਂ ਚੱਤੋ-ਪਹਿਰ ਇਹੋ ਸੋਚਦਾ ਰਹਿੰਦਾ ਕਿ ਕਿਤੇ ਕੋਈ ਆਪਣਾ ਮਿਲ ਜਾਏ। ਆਪਣੇ ਆਪਣੇ ਹੁੰਦੇ ਨੇ।’
ਇਹ ਆਖ ਉਹ ਬੱਚਿਆਂ ਵਾਂਗ ਸਿਸਕਣ ਲੱਗ ਪਿਆ।
ਸੰਪਰਕ: 97818-43444