ਕੁੱਤਿਆਂ ਦੀ ਦਹਿਸ਼ਤ
16 ਫਰਵਰੀ ਦੇ ਅੰਕ ਵਿਚ ਕਮਲੇਸ਼ ਉੱਪਲ ਦਾ ਮਿਡਲ ‘ਫ਼ਰਕ’ ਕੁੱਤਿਆਂ ਦੀ ਦਹਿਸ਼ਤ ਵੱਲ ਧਿਆਨ ਦਿਵਾਉਣ ਵਾਲਾ ਸੀ। ਗਊਸ਼ਾਲਾਵਾਂ ਵਾਂਗ ਕੁੱਤਿਆਂ ਨੂੰ ਸਾਂਭਣ ਲਈ ਕੋਈ ਯੋਜਨਾ ਬਣਨੀ ਚਾਹੀਦੀ ਹੈ। ਇਕੱਲੇ ਅਵਾਰਾ ਕੁੱਤੇ ਹੀ ਨਹੀਂ, ਪਾਲਤੂ ਕੁੱਤੇ ਵੀ ਲੋਕਾਂ ਨੂੰ ਵੱਢ ਜਾਂਦੇ ਹਨ ਅਤੇ ਇਨ੍ਹਾਂ ਕਾਰਨ ਗਲੀ-ਮੁਹੱਲਿਆਂ ਵਿਚ ਨਿੱਤ ਲੜਾਈਆਂ ਹੁੰਦੀਆਂ ਹਨ। ਇਸ ਤੋਂ ਪਹਿਲਾਂ, 11 ਫਰਵਰੀ ਨੂੰ ਜਗਦੀਸ਼ ਕੌਰ ਮਾਨ ਦਾ ਮਿਡਲ ‘ਸਾਡਾ ਘਰ ਕਿੱਥੇ ਹੈ?’ ਪੜ੍ਹ ਕੇ ਮਹਿਸੂਸ ਕੀਤਾ ਕਿ ਔਖੇ ਹੋ ਪੈਸਾ ਕਮਾਉਣਾ ਅਤੇ ਉਸ ਨਾਲ ਬਹੁਤ ਵਧੀਆ ਕੋਠੀਆਂ ਪਾਉਣਾ ਠੀਕ ਨਹੀਂ। ਸਿਰਫ਼ ਵੱਡੀਆਂ ਕੋਠੀਆਂ ਹੀ ਖੁਸ਼ੀ ਦਾ ਸਾਧਨ ਨਹੀਂ ਹੁੰਦੀਆਂ, ਛੋਟੇ ਘਰਾਂ ਵਿਚ ਰਹਿ ਕੇ ਵੀ ਖੁਸ਼ੀ ਅਤੇ ਮਨ ਦੀ ਸ਼ਾਂਤੀ ਰੱਖੀ ਜਾ ਸਕਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਮਜ਼ਦੂਰਾਂ ਨਾਲ ਜ਼ਿਆਦਤੀ
17 ਫਰਵਰੀ ਨੂੰ ਪੰਨਾ 7 ਉੱਤੇ ਪੰਜਾਬ ਵਿਚ ਉਦਯੋਗੀਕਰਨ ਅਤੇ ਮਜ਼ਦੂਰ ਵਰਗ ਬਾਰੇ ਕੰਵਲਜੀਤ ਕੌਰ ਢਿੱਲੋਂ ਦਾ ਲੇਖ ਪੜ੍ਹਿਆ ਜਿਸ ਵਿਚ ਮਜ਼ਦੂਰ ਵਰਗ ਦੇ ਹੱਕਾਂ ਦੀ ਗੱਲ ਹੈ। ਮੁਲਕ ਵਿਚ ਮਜ਼ਦੂਰ ਵਿਰੋਧੀ ਕਾਨੂੰਨ ਬਣਾ ਕੇ ਉਨ੍ਹਾਂ ਨੂੰ ਹਾਸ਼ੀਏ ਵੱਲ ਧੱਕਿਆ ਜਾ ਰਿਹਾ ਹੈ। ਪਿੱਛੇ ਜਿਹੇ ਭਾਰਤ ਸਰਕਾਰ ਨੇ ਚਾਰ ਕਿਰਤ ਕੋਡ ਬਣਾ ਕੇ ਮਜ਼ਦੂਰ ਜਮਾਤ ਨਾਲ ਧੱਕਾ ਕੀਤਾ ਹੈ।
ਮਨਮੋਹਨ ਸਿੰਘ, ਨਾਭਾ
ਬੇਗਮਪੁਰਾ
16 ਫਰਵਰੀ ਦੇ ਅੰਕ ਵਿਚ ਬਲਬੀਰ ਮਾਧੋਪੁਰੀ ਦੀ ਰਚਨਾ ‘ਗੁਰੂ ਰਵਿਦਾਸ ਬਾਣੀ ਤੇ ਸਮਾਜਿਕ ਚੇਤਨਾ’ ਵਿਚ ਭਗਤ ਰਵਿਦਾਸ ਜੀ ਦੇ ਸ਼ਬਦ ‘ਬੇਗਮਪੁਰਾ ਸਹਰ ਕੋ ਨਾਉ।।’ ਵਿਚ ਆਏ ਸ਼ਬਦ ‘ਬੇਗਮਪੁਰਾ’ ਦਾ ਅਰਥ- ਆਦਰਸ਼ ਸਮਾਜ ਦਾ ਉਹ ਤਸੱਵੁਰੀ ਸ਼ਹਿਰ ਜਿੱਥੇ ਦੁੱਖ, ਡਰ ਅਤੇ ਤਣਾਅ ਜਾਂ ਫ਼ਿਕਰ ਨਹੀਂ, ਲਿਖਿਆ ਹੈ। ਦਰਅਸਲ, ‘ਬੇਗਮਪੁਰਾ’ ਦਾ ਭਾਵ ਸਾਧਿਕ ਦੀ ਚੇਤਨਾ ਦੀਆਂ ਚਾਰ ਅਵਸਥਾਵਾਂ: ਰਜੋ, ਤਮੋ, ਸਤੋ ਅਤੇ ਤੁਰੀਆ, ਵਿਚੋਂ ਅੰਤਲੀ ਅਵਸਥਾ ‘ਤੁਰੀਆ’ ਤੋਂ ਹੈ। ਇਹੀ ਅਵਸਥਾ ਹੈ ਜਿੱਥੇ ਪੁੱਜ ਕੇ ਸਿੱਖ/ਸਾਧਿਕ ਸਿਮਰਨ, ਸੇਵਾ ਤੇ ਸਤਿਸੰਗਤ ਕਰਦਾ ਸੱਚਖੰਡ ਵਾਸੀ ਬਣ ਕੇ ਜੀਵਨ ਮੁਕਤ ਹੋ ਜਾਂਦਾ ਹੈ। ਮਹਾਨਕੋਸ਼ ’ਚ ਵੀ ਬੇਗਮਪੁਰਾ ਦੀ ਸੰਗਯਾ ਤੁਰੀਆ ਪਦ, ਗਿਆਨ ਅਵਸਥਾ, ਜਿਸ ’ਚ ਗ਼ਮ ਦਾ ਅਭਾਵ ਹੈ, ਕੀਤੀ ਹੈ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਸੇਵਾ ਭਾਵ
15 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਰਣਜੀਤ ਸਿੰਘ ਨੂਰਪੁਰਾ ਦੀ ਰਚਨਾ ‘ਰੁੜ੍ਹਿਆ ਹੁਨਰ’ ਪੜ੍ਹ ਕੇ ਭਲੇ ਵਕਤਾਂ ਦੇ ਭਲੇ ਲੋਕਾਂ ਦੀ ਯਾਦ ਤਾਜ਼ਾ ਹੋ ਗਈ ਜੋ ਬਿਨਾਂ ਕਿਸੇ ਸਵਾਰਥੀ ਭਾਵਨਾ ਦੇ ਇਨਸਾਨੀਅਤ ਦੀ ਸੇਵਾ ਕਰਦੇ ਸਨ; ਦੂਜੇ ਦੇ ਦੁੱਖ ਨੂੰ ਆਪਣਾ ਸਮਝਦੇ ਸਨ। ਅੱਜ ਦੇ ਤੇਜ਼ ਰਫ਼ਤਾਰ ਅਤੇ ਮਸ਼ੀਨੀ ਯੁੱਗ ਵਿਚ ਅਜਿਹੇ ਲੋਕਾਂ ਦੀ ਕਮੀ ਰੜਕਦੀ ਰਹੇਗੀ।
ਇੰਦਰਜੀਤ ਜਵੰਦਾ, ਈਮੇਲ
ਰਚਨਾ ਦਾ ਭਾਰ
12 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਛਪਿਆ ਹੀਰਾ ਸਿੰਘ ਦਾ ਮਿਡਲ ‘ਸਿਰਜਣਾ ਦਾ ਜਸ਼ਨ’ ਦੋ ਵਾਰੀ ਪੜ੍ਹਨ ਦੇ ਬਾਵਜੂਦ ਪੱਲੇ ਨਹੀਂ ਪਿਆ ਕਿ ਲੇਖਕ ਕਹਿਣਾ ਕੀ ਚਾਹੁੰਦਾ ਹੈ? ਇਸ ਵਿਚ ਵਰਤੇ ਗਏ ਅੱਧੇ ਤੋਂ ਵੱਧ ਸ਼ਬਦ ਪਾਠਕ ਨੂੰ ਭੰਬਲਭੂਸੇ ਵਿਚ ਪਾਉਣ ਵਾਲੇ ਹਨ। ਪੰਜਾਬੀ ਨੂੰ ਐਨੀ ਜਟਿਲ ਅਤੇ ਨਾ ਸਮਝ ਆਉਣ ਵਾਲੀ ਬਣਾਉਣ ਪਿੱਛੇ ਲੇਖਕ ਦੀ ਕੀ ਮਨਸ਼ਾ ਹੈ, ਉਹੀ ਜਾਣਦਾ ਹੈ। ਹੈਰਾਨੀ ਹੈ ਕਿ ਇਹ ਮਿਡਲ ਆਪਣੇ ਨਾਜ਼ੁਕ ਪਿੰਡੇ ’ਤੇ ਇੰਨਾ ਭਾਰ ਕਿਵੇਂ ਸਹਿ ਗਿਆ?
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਸਮਾਜਿਕ ਰੋਗ
8 ਫਰਵਰੀ ਨੂੰ ਵਿਜੈ ਕੁਮਾਰ ਦਾ ਲੇਖ ‘ਕਾਸ਼! ਮੈਂ ਮੋਬਾਈਲ ਹੁੰਦਾ’ ਮੌਜੂਦਾ ਹਾਲਾਤ ਦੀ ਗੰਭੀਰ ਸਮੱਸਿਆ ਉਭਾਰਨ ਵਿਚ ਸਹਾਈ ਹੈ। ਅੱਜ ਅਸੀਂ ਸਾਰੇ ਮੋਬਾਈਲ ਫੋਨ ਦੀ ਲਤ ਦੇ ਸ਼ਿਕਾਰ ਹੋ ਚੁੱਕੇ ਹਾਂ। ਅਸੀਂ ਸਭ ਜਾਣਦੇ ਹੋਏ ਵੀ ਇਸ ਆਦਤ ਨੂੰ ਛੱਡ ਜਾਂ ਘਟਾ ਨਹੀਂ ਰਹੇ। ਹੁਣ ਸਮਾਂ ਹੈ ਕਿ ਸਮੂਹਿਕ ਪੱਧਰ ’ਤੇ ਇਸ ਬਾਰੇ ਢੁੱਕਵੇਂ ਉਪਰਾਲੇ ਕੀਤੇ ਜਾਣ, ਨਹੀਂ ਤਾਂ ਇਹ ਸਮਾਜਿਕ ਰੋਗ ਬਣ ਜਾਣਾ ਹੈ।
ਕ੍ਰਿਸ਼ਨ ਕਾਯਤ, ਮੰਡੀ ਡੱਬਵਾਲੀ (ਸਿਰਸਾ)
(2)
ਵਿਜੈ ਕੁਮਾਰ ਦਾ ਮਿਡਲ ‘ਕਾਸ਼! ਮੈਂ ਮੋਬਾਈਲ ਹੁੰਦਾ’ ਮੋਬਾਈਲ ਫੋਨ ਨਾਲ ਜੁੜੀ ਮਨੁੱਖੀ ਜ਼ਿੰਦਗੀ ਦਾ ਵਿਸਥਾਰ ਦੱਸਣ ਵਾਲਾ ਸੀ। ਮੋਬਾਈਲ ਦੀ ਦੋਸਤੀ ਨੇ ਸਾਡੇ ਰਿਸ਼ਤਿਆਂ ’ਤੇ ਡਾਢਾ ਅਸਰ ਪਾਇਆ ਹੈ। ਮਾਪਿਆਂ ਕੋਲ ਆਪਣੇ ਧੀਆਂ ਪੁੱਤਾਂ ਨੂੰ ਪਿਆਰ ਦੇਣ ਦਾ ਸਮਾਂ ਵੀ ਨਹੀਂ ਛੱਡਿਆ। ਮੋਬਾਈਲ ਫੋਨ ਦੀ ਇੰਟਰਨੈੱਟ ਸੇਵਾ ਨੇ ਸਾਨੂੰ ਕੈਦੀ ਬਣਾ ਛੱਡਿਆ ਹੈ।
ਅਨਿਲ ਕੌਸ਼ਕ, ਕਿਉੜਕ (ਕੈਥਲ, ਹਰਿਆਣਾ)
ਖੇਤੀ ਦਾ ਮਸਲਾ
7 ਫਰਵਰੀ ਦੇ ਲੇਖ ‘ਕੁਦਰਤੀ ਖੇਤੀ ਤੋਂ ਕਾਰਪੋਰੇਟ ਢਾਂਚੇ ਤਕ ਦਾ ਸਫ਼ਰ’ ਵਿਚ ਕੰਵਲਪ੍ਰੀਤ ਸਿੰਘ ਪੰਨੂੰ ਨੇ ਖੇਤੀ ਦੇ ਗੱਡੇ ਤੋਂ ਟਰੈਕਟਰ ਤਕ ਦੇ ਸਫ਼ਰ ਦੀ ਕਹਾਣੀ ਦੱਸੀ ਹੈ ਤੇ ਅੰਤਲੇ ਚਾਰ ਸ਼ਬਦਾਂ ਵਿਚ ਖੇਤੀ ਨੂੰ ਮੁੜ ਲੀਹ ’ਤੇ ਲਿਆਉਣ ਦਾ ਮਸਲਾ ਸਾਹਮਣੇ ਰੱਖਿਆ ਹੈ। ਕਿੰਨਾ ਚੰਗਾ ਹੁੰਦਾ ਜੇ ਇਸ ਮਸਲੇ ਦੇ ਹੱਲ ਲਈ ਕੁਝ ਸੁਝਾਅ ਵੀ ਦਿੱਤੇ ਜਾਂਦੇ।
ਅਮਰਜੀਤ ਔਜਲਾ, ਈਮੇਲ