ਮਦਨ ਬੰਗੜ
ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਮੁਹੰਮਦ ਅਜ਼ੀਜ਼ ਨੇ 1980ਵਿਆਂ ਦੇ ਦਹਾਕੇ ਵਿੱਚ ਫ਼ਿਲਮ ਸੰਸਾਰ ਵਿੱਚ ਤਹਿਲਕਾ ਮਚਾ ਦਿੱਤਾ ਸੀ। ਉਸ ਨੇ ਵੱਡੇ ਵੱਡੇ ਫ਼ਿਲਮੀ ਸਿਤਾਰਿਆਂ ਨੂੰ ਆਪਣੀ ਆਵਾਜ਼ ਨਾਲ ਨਿਵਾਜਿਆ ਅਤੇ ਉਨ੍ਹਾਂ ਨੂੰ ਸੁਪਰਸਟਾਰ ਤੱਕ ਦੀ ਨਿਆਮਤ ਬਖ਼ਸ਼ੀ। ਇਸ ਦੇ ਬਾਵਜੂਦ ਕਿੰਨੀ ਤ੍ਰਾਸਦੀ ਹੈ ਕਿ ਜਿਸ ਦਿਨ ਮੁਹੰਮਦ ਅਜ਼ੀਜ਼ ਦੁਨੀਆ ਤੋਂ ਰੁਖ਼ਸਤ ਹੋਏ ਉਹ ਫ਼ਿਲਮੀ ਸਿਤਾਰੇ ਉਸ ਦੇ ਜਨਾਜ਼ੇ ਵਿੱਚ ਸ਼ਾਮਲ ਹੋਣ ਲਈ ਦੋ ਮਿੰਟ ਤੱਕ ਵੀ ਨਾ ਕੱਢ ਸਕੇ।
ਮੁਹੰਮਦ ਅਜ਼ੀਜ਼ ਉਰਫ਼ ਸਈਅਦ ਮੁਹੰਮਦ ਅਜ਼ੀਜ਼-ਉਨ-ਨਬੀ ਦਾ ਜਨਮ 2 ਜੁਲਾਈ 1954 ਨੂੰ ਕਲਕੱਤਾ, ਪੱਛਮੀ ਬੰਗਾਲ ਵਿਖੇ ਹੋਇਆ ਜਿਸ ਨੂੰ ਪਿਆਰ ਨਾਲ ਮੁੰਨਾ ਵੀ ਕਿਹਾ ਜਾਂਦਾ ਸੀ। ਉਹ ਪ੍ਰਸਿੱਧ ਬਹੁ-ਭਾਸ਼ਾਈ ਪਿੱਠਵਰਤੀ ਗਾਇਕ ਸੀ, ਜਿਸ ਨੇ ਮੁੱਖ ਤੌਰ ’ਤੇ ਬੌਲੀਵੁੱਡ, ਬੰਗਾਲੀ ਅਤੇ ਉੜੀਆ ਫ਼ਿਲਮਾਂ ਲਈ ਗੀਤ ਗਾਏ। ਉਸ ਨੇ ਦਸ ਤੋਂ ਵੱਧ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਸੂਫ਼ੀ, ਭਗਤੀ ਗੀਤ ਅਤੇ ਹੋਰ ਸ਼ੈਲੀਆਂ ਸਮੇਤ ਲਗਭਗ ਵੀਹ ਹਜ਼ਾਰ ਗੀਤ ਗਾਏ।
ਉਹ ਬਚਪਨ ਤੋਂ ਹੀ ਸੰਗੀਤ ਨਾਲ ਜੁੜਿਆ ਹੋਇਆ ਸੀ। ਬਾਅਦ ਵਿੱਚ ਉਸ ਨੇ ਆਪਣੇ ਪੇਸ਼ੇਵਰ ਸੰਗੀਤਕ ਕਰੀਅਰ ਦੀ ਸ਼ੁਰੂਆਤ ਇੱਕ ਬੰਗਾਲੀ ਫ਼ਿਲਮ ‘ਬਾਉਮਾ’ (1986) ਨਾਲ ਕੀਤੀ। ਉਹ ਫ਼ਿਲਮ ਉਦਯੋਗ ਵਿੱਚ ਬਿਹਤਰ ਕਰੀਅਰ ਦੇ ਮੌਕਿਆਂ ਲਈ ਮੁੰਬਈ ਗਿਆ ਜਿੱਥੇ ਉਸ ਨੂੰ ਸੰਗੀਤ ਨਿਰਦੇਸ਼ਕ ਸਪਨ-ਜਗਮੋਹਨ ਵੱਲੋਂ ਹਿੰਦੀ ਫ਼ਿਲਮ ‘ਅੰਬਰ’ (1984) ਵਿੱਚ ਗੀਤ ਗਾਉਣ ਦਾ ਮੌਕਾ ਮਿਲਿਆ ਹਾਲਾਂਕਿ ਉਸ ਦੀ ਪਹਿਲੀ ਪ੍ਰਮੁੱਖ ਗਾਇਕੀ ਦੀ ਭੂਮਿਕਾ ਸੰਗੀਤ ਨਿਰਦੇਸ਼ਕ ਅਨੂ ਮਲਿਕ ਦੀ ਫ਼ਿਲਮ ‘ਮਰਦ’ ਵਿੱਚ ਦਿਖਾਈ ਦਿੱਤੀ। ਇਸ ਫ਼ਿਲਮ ਦਾ ਟਾਈਟਲ ਗੀਤ ‘ਮਰਦ ਟਾਂਗੇਵਾਲਾ’ ਸੁਪਰਹਿੱਟ ਹੋਇਆ। ਇਸ ਗੀਤ ਦੀ ਸਫਲਤਾ ਤੋਂ ਬਾਅਦ ਉਸ ਨੂੰ 1985 ਵਿੱਚ ‘ਜਾਨ ਕੀ ਬਾਜ਼ੀ’ ਅਤੇ ‘ਆਤੇ ਆਤੇ ਤੇਰੀ ਯਾਦ ਆ ਗਈ’ ਵਰਗੇ ਕਈ ਹਿੱਟ ਗੀਤ ਮਿਲੇ।
ਉਸ ਨੇ ਨੌਸ਼ਾਦ, ਸ਼ੰਕਰ-ਜੈਕਿਸ਼ਨ, ਓਪੀ ਨਈਅਰ, ਰਵੀ, ਖਯਾਮ, ਕਲਿਆਣਜੀ-ਆਨੰਦਜੀ, ਲਕਸ਼ਮੀਕਾਂਤ-ਪਿਆਰੇਲਾਲ, ਆਰ ਡੀ ਬਰਮਨ, ਬੱਪੀ ਲਹਿਰੀ, ਰਾਜੇਸ਼ ਰੌਸ਼ਨ, ਊਸ਼ਾ ਖੰਨਾ, ਅਨੂ ਮਲਿਕ, ਆਨੰਦ-ਮਿਲਿੰਦ, ਜਤਿਨ ਲਲਿਤ, ਰਵਿੰਦਰ ਜੈਨ, ਰਾਮ ਲਕਸ਼ਮਣ, ਆਦੇਸ਼ ਸ਼੍ਰੀਵਾਸਤਵ, ਨਦੀਮ-ਸ਼ਰਵਨ, ਵਿਜੂ ਸ਼ਾਹ, ਦਿਲੀਪ ਸੇਨ-ਸਮੀਰ ਸੇਨ ਆਦਿ ਉਸ ਸਮੇਂ ਦੇ ਦਿੱਗਜ ਸੰਗੀਤਕਾਰਾਂ ਦੀ ਸੰਗਤ ਵਿੱਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕੀਤਾ। ਉਸ ਨੇ ਲਕਸ਼ਮੀਕਾਂਤ ਪਿਆਰੇਲਾਲ ਲਈ ਲਗਭਗ 250+ ਗੀਤ ਗਾਏ ਸਨ, ਜੋ ਉਸ ਵੱਲੋਂ ਗਾਏ ਗਏ ਕਿਸੇ ਵੀ ਸੰਗੀਤਕਾਰ ਲਈ ਸਭ ਤੋਂ ਵੱਧ ਹਨ। ਉਸ ਨੇ ਭਗਵਾਨ ਜਗਨਨਾਥ, ਭਜਨ, ਨਿੱਜੀ ਸੰਗੀਤ ਐਲਬਮਾਂ ਅਤੇ ਉੜੀਆ ਫ਼ਿਲਮਾਂ ਦੇ ਗੀਤ ਵੀ ਗਾਏ। ਫ਼ਿਲਮਾਂ ਵਿੱਚ ਗਾਇਕੀ ਦੇ ਜਲਵੇ ਬਿਖੇਰਨ ਤੋਂ ਇਲਾਵਾ ਮੁਹੰਮਦ ਅਜ਼ੀਜ਼ ਨੇ ਭਾਰਤ ਅਤੇ ਹੋਰ ਦੇਸ਼ਾਂ ਵਿੱਚ ਸਟੇਜ ਸ਼ੋਅ’ਜ਼ ਵਿੱਚ ਵੀ ਹਿੱਸਾ ਲਿਆ।
ਉਸ ਨੇ ਫ਼ਿਲਮਾਂ ਵਿੱਚ ਆਪਣੀ ਪਹਿਲੀ ਪੇਸ਼ਕਾਰੀ ‘ਅੰਬਰ’ (1984) ਨਾਂ ਦੀ ਹਿੰਦੀ ਫ਼ਿਲਮ ਨਾਲ ਕੀਤੀ ਅਤੇ ਬਾਅਦ ਵਿੱਚ ਉਸ ਦੀ ਪਹਿਲੀ ਬੰਗਾਲੀ ਫ਼ਿਲਮ ‘ਬਾਉਮਾ’ (1986) ਆਈ। ਸੰਗੀਤਕਾਰ ਅਨੁ ਮਲਿਕ ਵੱਲੋਂ ਮੁਹੰਮਦ ਅਜ਼ੀਜ਼ ਨੂੰ ਬੌਲੀਵੁੱਡ ਵਿੱਚ ਵੱਡੀ ਬਰੇਕ ਅਮਿਤਾਭ ਬੱਚਨ ਦੀ ਫ਼ਿਲਮ ‘ਮਰਦ’ ਵਿਚਲੇ ਇੱਕ ਗੀਤ ‘ਮਰਦ ਟਾਂਗੇਵਾਲਾ’ ਰਾਹੀਂ ਦਿੱਤੀ ਗਈ ਜੋ ਰਾਤੋ ਰਾਤ ਹਿੱਟ ਹੋ ਗਿਆ। ਇਸ ਗੀਤ ਨਾਲ ਉਹ ਪਿੱਠਵਰਤੀ ਗਾਇਕ ਵਜੋਂ ਫ਼ਿਲਮ ਸੰਸਾਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਿਹਾ।
ਉਸ ਨੇ 1980 ਅਤੇ 1990 ਦੇ ਦਹਾਕੇ ਵਿੱਚ ਲਤਾ ਮੰਗੇਸ਼ਕਰ, ਆਸ਼ਾ ਭੌਂਸਲੇ, ਕੇ.ਐੱਸ. ਚਿਤਰਾ, ਸੁਲਕਸ਼ਨਾ ਪੰਡਿਤ, ਵਿਜੇਤਾ ਪੰਡਿਤ, ਊਸ਼ਾ ਮੰਗੇਸ਼ਕਰ, ਅਨੁਰਾਧਾ ਪੌਡਵਾਲ, ਕਵਿਤਾ ਕ੍ਰਿਸ਼ਨਾਮੂਰਤੀ, ਸਾਧਨਾ ਸਰਗਮ, ਐੱਸ ਜਾਨਕੀ, ਅਲਕਾ ਯਾਗਨਿਕ, ਸਲਮਾ ਆਗਾ, ਹੇਮਲਤਾ, ਸਪਨਾ ਮੁਖਰਜੀ, ਚੰਦਰਾਣੀ ਮੁਖਰਜੀ, ਪੂਰਨਿਮਾ, ਸਾਰਿਕਾ ਕਪੂਰ, ਉੱਤਰਾ ਕੇਲਕਰ ਅਤੇ ਅਲੀਸਾ ਵਰਗੀਆਂ ਗਾਇਕਾਵਾਂ ਨਾਲ ਕਈ ਦੋਗਾਣੇ ਕੀਤੇ ਜੋ ਉਸ ਸਮੇਂ ਕਾਫ਼ੀ ਪ੍ਰਸਿੱਧ ਹੋਏ।
ਮੁਹੰਮਦ ਅਜ਼ੀਜ਼ ਦੇ ਦੋਗਾਣਿਆਂ ਵਿੱਚ ‘ਲਾਲ ਦੁਪੱਟਾ ਮਲਮਲ ਕਾ’, ‘ਮੇਰਾ ਨਾਮ ਲਖਨ’, ‘ਮੈਂ ਤੇਰੀ ਮੁਹੱਬਤ ਮੇਂ’, ‘ਆਪ ਕੇ ਆ ਜਾਨੇ ਸੇ’, ‘ਆਜ ਕਲ ਯਾਦ ਕੁਛ’ ਅਤੇ ‘ਦਿਲ ਲੈ ਗਈ ਤੇਰੀ ਬਿੰਦੀਆ’ ਵਰਗੇ ਕਈ ਗੀਤ ਖ਼ੂਬ ਚੱਲੇ। ਉਹ 1980ਵਿਆਂ ਦੇ ਦਹਾਕੇ ਦੇ ਅੱਧ ਤੋਂ ਲੈ ਕੇ 1990ਵਿਆਂ ਦੇ ਦਹਾਕੇ ਦੇ ਸ਼ੁਰੂ ਤੱਕ ਸਭ ਤੋਂ ਪ੍ਰਸਿੱਧ ਗਾਇਕ ਸੀ। ਉਹ ਉਨ੍ਹਾਂ ਦੁਰਲੱਭ ਗਾਇਕਾਂ ਵਿੱਚੋਂ ਇੱਕ ਸੀ ਜੋ ਸੱਤਵੇਂ ਸੁਰ (ਸਤਵਨ ਸੁਰ) ਵਿੱਚ ਗਾ ਸਕਦਾ ਸੀ।
ਆਪਣੇ ਕਰੀਅਰ ਦੌਰਾਨ ਮੁਹੰਮਦ ਅਜ਼ੀਜ਼ ਨੇ ਦਿਲੀਪ ਕੁਮਾਰ, ਸ਼ੰਮੀ ਕਪੂਰ, ਧਰਮਿੰਦਰ, ਜਤਿੰਦਰ, ਅਮਿਤਾਭ ਬੱਚਨ, ਰਾਜੇਸ਼ ਖੰਨਾ, ਵਿਨੋਦ ਖੰਨਾ, ਸ਼ਤਰੂਘਨ ਸਿਨਹਾ, ਸ਼ਸ਼ੀ ਕਪੂਰ, ਰਿਸ਼ੀ ਕਪੂਰ, ਮਿਥੁਨ ਚੱਕਰਵਰਤੀ, ਨਸੀਰੂਦੀਨ ਸ਼ਾਹ, ਹੇਮੰਤ ਬਿਰਜੇ, ਚੰਕੀ ਪਾਂਡੇ, ਗੋਵਿੰਦਾ, ਸੰਜੇ ਦੱਤ, ਕੁਮਾਰ ਗੌਰਵ, ਆਮਿਰ ਖਾਨ, ਸ਼ਾਹਰੁਖ ਖਾਨ, ਨਾਨਾ ਪਾਟੇਕਰ, ਰਜਨੀਕਾਂਤ, ਕਮਲ ਹਸਨ, ਰਾਜ ਬੱਬਰ, ਸੰਨੀ ਦਿਓਲ, ਅਨਿਲ ਕਪੂਰ, ਅਕਸ਼ੈ ਕੁਮਾਰ, ਅਜੇ ਦੇਵਗਨ, ਸੁਮੀਤ ਸਹਿਗਲ, ਫਾਰੂਕ ਸ਼ੇਖ, ਜੈਕੀ ਸ਼ਰਾਫ, ਆਦਿੱਤਿਆ ਪੰਚੋਲੀ ਅਤੇ ਹੋਰ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਨੂੰ ਗੀਤਾਂ ਰਾਹੀਂ ਆਪਣੀ ਆਵਾਜ਼ ਪ੍ਰਦਾਨ ਕੀਤੀ। ਮਹਿਲਾ ਗਾਇਕਾਂ ਤੋਂ ਇਲਾਵਾ ਉਸ ਨੇ ਕਿਸ਼ੋਰ ਕੁਮਾਰ, ਅਮਿਤ ਕੁਮਾਰ, ਐੱਸ.ਪੀ. ਬਾਲਾਸੁਬਰਾਮਨੀਅਮ, ਸੁਰੇਸ਼ ਵਾਡਕਰ, ਮਨਹਰ ਉਧਾਸ, ਸ਼ੈਲੇਂਦਰ ਸਿੰਘ, ਨਿਤਿਨ ਮੁਕੇਸ਼, ਕੁਮਾਰ ਸਾਨੂ, ਵਿਨੋਦ ਰਾਠੌੜ ਅਤੇ ਸੁਦੇਸ਼ ਭੌਂਸਲੇ ਨਾਲ ਕੁਝ ਜੋੜੀ ਗੀਤਾਂ ਵਿੱਚ ਆਪਣੀ ਆਵਾਜ਼ ਦਾ ਲੋਹਾ ਮਨਵਾਇਆ ਮੁਹੰਮਦ ਅਜ਼ੀਜ਼ ਵੱਲੋਂ ਗਾਏ ਗੀਤਾਂ ਨਾਲ ਸੁਪਰਹਿੱਟ ਹੋਈਆਂ ਫ਼ਿਲਮਾਂ ‘ਨਗੀਨਾ’, ‘ਸ਼ਹਿਨਸ਼ਾਹ’,‘ਮਰਦ’, ‘ਸੌਦਾਗਰ’, ‘ਲਾਲ ਦੁਪੱਟਾ ਮਲਮਲ ਕਾ’, ‘ਬੀਵੀ ਹੋ ਤੋ ਐਸੀ’, ‘ਵੀਹ ਸਾਲ ਬਾਅਦ’, ‘ਪਾਪੀ ਦੇਵਤਾ’, ‘ਜ਼ੁਲਮ ਕੋ ਜਲਾ ਕੇ ਰਾਖ ਕਰ ਦੂੰਗਾ’, ‘ਆਦਮੀ ਖਿਲੌਨਾ ਹੈ’, ‘ਲਵ 86’, ‘ਕਰਮਾ’, ‘ਰਾਮ ਲਖਨ’, ‘ਖ਼ੁਦਾ ਗਵਾਹ’, ‘ਨਾਮ’ ਆਦਿ ਤੋਂ ਇਲਾਵਾ ਹੋਰ ਵੀ ਸੈਂਕੜੇ ਫ਼ਿਲਮਾਂ ਹਨ ਜਿਨ੍ਹਾਂ ਵਿੱਚ ਮੁਹੰਮਦ ਅਜ਼ੀਜ਼ ਦੀ ਆਵਾਜ਼ ਨੂੰ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ। ਇਨ੍ਹਾਂ ਫ਼ਿਲਮਾਂ ਵਿੱਚ ਗਾਏ ਹੋਏ ਗੀਤ ਮੁਹੰਮਦ ਅਜ਼ੀਜ਼ ਦੀ ਆਵਾਜ਼ ਨੂੰ ਅੱਜ ਵੀ ਤਰੋਤਾਜ਼ਾ ਰੱਖਦੇ ਹਨ।
ਮੁਹੰਮਦ ਅਜ਼ੀਜ਼, ਮੁਹੰਮਦ ਰਫ਼ੀ ਨੂੰ ਆਪਣਾ ਉਸਤਾਦ ਮੰਨਦਾ ਸੀ। ਉਸ ਨੇ ਫ਼ਿਲਮ ‘ਕ੍ਰੋਧ’ ਵਿੱਚ ਇੱਕ ਗੀਤ ਮੁਹੰਮਦ ਰਫ਼ੀ ਨੂੰ ਸ਼ਰਧਾਂਜਲੀ ਵਜੋਂ ਗਾਇਆ ਸੀ ‘ਨਾ ਫ਼ਨਕਾਰ ਤੁਝਸਾ ਤੇਰੇ ਬਾਅਦ ਆਯਾ, ਮੁਹੰਮਦ ਰਫ਼ੀ ਤੂ ਬਹੁਤ ਯਾਦ ਆਇਆ’। ਮੁਹੰਮਦ ਅਜ਼ੀਜ਼ ਨੂੰ ਫ਼ਿਲਮ ਇੰਡਸਟਰੀ ਉੱਪਰ ਸਦਾ ਇਹੋ ਮਲਾਲ ਰਿਹਾ ਕਿ ਉਸ ਦੇ ਗੀਤ ਹਿੱਟ ਹੋਣ ਦੇ ਬਾਵਜੂਦ ਉਸ ਦੀ ਮੰਗ ਫ਼ਿਲਮਾਂ ਵਿੱਚ ਕਿਉਂ ਘਟ ਗਈ। ਇਸ ਕਾਰਨ ਦਿਨ ਪ੍ਰਤੀ ਦਿਨ ਉਸ ਅੰਦਰ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਸੀ। ਅੰਤ ਉਹ ਲੰਬੀ ਬਿਮਾਰੀ ਤੋਂ ਬਾਅਦ 27 ਨਵੰਬਰ 2018 ਨੂੰ ਮੁੰਬਈ ਵਿਖੇ ਆਪਣੇ ਸਵਾਸਾਂ ਦੀ ਪੂੰਜੀ ਖ਼ਤਮ ਕਰਦਿਆਂ ਦੁਨੀਆ ਤੋਂ ਕੂਚ ਕਰ ਗਿਆ, ਪਰ ਲੋਕ ਮਨਾਂ ਵਿੱਚ ਉਸ ਦੇ ਗਾਏ ਹੋਏ ਗੀਤ ਅੱਜ ਵੀ ਤਰੋਤਾਜ਼ਾ ਹਨ।
ਸੰਪਰਕ: 79731-14660