ਨਵੀਂ ਦਿੱਲੀ, 30 ਅਕਤੂਬਰ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਕਾਂਗਰਸ ਆਗੂਆਂ ਦਿਗਵਿਜੈ ਸਿੰਘ ਤੇ ਕਮਲਨਾਥ ਖ਼ਿਲਾਫ਼ ਕੈਲਾਸ਼ ਵਿਜੈਵਰਗੀਆ ਵੱਲੋਂ ਕੀਤੀ ਗਈ ‘ਚੁੰਨੂ-ਮੁੰਨੂ’ ਟਿੱਪਣੀ ਚੋਣ ਜ਼ਾਬਤੇ ਦੀਆਂ ਤਜਵੀਜ਼ਾਂ ਦੀ ਉਲੰਘਣਾ ਹੈ। ਨਾਲ ਹੀ ਕਮਿਸ਼ਨ ਨੇ ਭਾਜਪਾ ਦੇ ਸੀਨੀਅਰ ਆਗੂ ਨੂੰ ਚੋਣ ਜ਼ਾਬਤੇ ਦੀ ਮਿਆਦ ਦੌਰਾਨ ਜਨਤਕ ਤੌਰ ’ਤੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਹੈ। ਕੈਲਾਸ਼ ਵਿਜੈਵਰਗੀਆ ਨੂੰ ਜਾਰੀ ਨੋਟਿਸ ਅਨੁਸਾਰ ਇੰਦੌਰ ਦੇ ਸਾਂਵੇਰ ’ਚ 14 ਅਕਤੂਬਰ ਨੂੰ ਇੱਕ ਚੋਣ ਰੈਲੀ ਦੌਰਾਨ ਦੋਵਾਂ ਕਾਂਗਰਸ ਆਗੂਆਂ ਖਿਲਾਫ਼ ਦਿੱਤਾ ਿਗਆ ਬਿਆਨ ਚੋਣ ਜ਼ਾਬਤੇ ਦੀ ਉਲੰਘਣਾ ਹੈ। ਵਿਜੈਵਰਗੀਆ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਗਲਤ ਢੰਗ ਨਾਲ ਸਮਝਿਆ ਗਿਆ ਹੈ। -ਪੀਟੀਆਈ
ਕਮਲਨਾਥ ਦਾ ਸਟਾਰ ਪ੍ਰਚਾਰਕ ਵਜੋਂ ਦਰਜਾ ਰੱਦ
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੀਆਂ 28 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣ ਲਈ ਪ੍ਰਚਾਰ ਕਰਦਿਆਂ ਆਦਰਸ਼ ਚੋਣ ਜ਼ਾਬਤੇ ਦੀ ਮੁੜ-ਮੁੜ ਉਲੰਘਣਾ ਕਰਨ ਦੇ ਚਲਦਿਆਂ ਕਾਂਗਰਸ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਸਟਾਰ ਪ੍ਰਚਾਰਕ ਦਾ ਦਰਜਾ ਅੱਜ ਰੱਦ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਕਿਹਾ, ‘ਆਦਰਸ਼ ਚੋਣ ਜ਼ਾਬਤੇ ਦੀ ਵਾਰ-ਵਾਰ ਉਲੰਘਣਾ ਅਤੇ ਉਨ੍ਹਾਂ (ਕਮਲਨਾਥ) ਨੂੰ ਜਾਰੀ ਕੀਤੀ ਗਈ ਸਲਾਹ ਦੀ ਪੂਰੀ ਤਰ੍ਹਾਂ ਉਲੰਘਣਾ ਕਰਨ ਨੂੰ ਲੈ ਕੇ ਮੱਧ ਪ੍ਰਦੇਸ਼ ਦੀ ਮੌਜੂਦਾ ਜ਼ਿਮਨੀ ਚੋਣ ਲਈ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਦੇ ਸਿਆਸੀ ਪਾਰਟੀ ਦੇ ਨੇਤਾ (ਸਟਾਰ ਪ੍ਰਚਾਰਕ) ਦਾ ਦਰਜਾ ਤੁਰੰਤ ਪ੍ਰਭਾਵ ਨਾਲ ਖਤਮ ਕੀਤਾ ਜਾਂਦਾ ਹੈ।’ -ਪੀਟੀਆਈ