ਪੱਤਰ ਪ੍ਰੇਰਕ
ਬੋਹਾ, 5 ਜੂਨ
ਉਸਾਰੀ ਮਜ਼ਦੂਰਾਂ ਵੱਲੋਂ ਇਕ ਰੈਲੀ ਮਜ਼ਦੂਰ ਯੂਨੀਅਨ (ਏਕਟੂ) ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜੀਤ ਸਿੰਘ ਬੋਹਾ ਤੇ ਕਾਮਰੇਡ ਸੁਖਵਿੰਦਰ ਸਿੰਘ ਬੋਹਾ ਦੀ ਅਗਵਾਈ ਹੇਠ ਕੀਤੀ ਗਈ। ਇਸ ਸਮੇਂ ਸਰਬਸੰਮਤੀ ਨਾਲ ਉਸਾਰੀ ਮਜ਼ਦੂਰ ਦੀ ਦਿਹਾੜੀ 500 ਰੁਪਏ ਅਤੇ ਮਿਸਤਰੀ ਦੀ ਦਿਹਾੜੀ 800 ਰੁਪਏ ਕਰਨ ਦਾ ਐਲਾਨ ਕੀਤਾ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਦਿਹਾੜੀ ਵਾਧੇ ਦੇ ਐਲਾਨ ਤਹਿਤ ਹੀ ਦਿਹਾੜੀ ਉਪਰ ਜਾਣ। ਇਸ ਰੈਲੀ ਨੂੰ ਸੰਬੋਧਨ ਕਰਦੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਆਮ ਆਦਮੀ ਦੇ ਨਾ ’ਤੇ ਗਰੀਬਾਂ ਦੀਆਂ ਵੋਟਾਂ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਕਾਲੀ, ਕਾਂਗਰਸੀ ਸਰਕਾਰਾਂ ਦੀ ਤਰ੍ਹਾਂ ਹੀ ਮਜ਼ਦੂਰ ਵਰਗ ਦੇ ਹਿੱਤਾਂ ਨੂੰ ਅੱਖੋ ਪਰੋਖੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦਾ ਹਰਾ ਪੈਨ ਵੀ ਮਜ਼ਦੂਰਾਂ ਦੇ ਹੱਕ ਵਿੱਚ ਨਹੀਂ ਚੱਲ ਰਿਹਾ। ਉਨ੍ਹਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ 10 ਜੂਨ ਨੂੰ ਮਜ਼ਦੂਰ ਜਥੇਬੰਦੀਆ ਵੱਲੋਂ ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤੇ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ ਵਿਚ ਪਹੁੰਚਣ।