ਜਸਵੰਤ ਜੱਸ
ਫਰੀਦਕੋਟ, 5 ਜੂਨ
ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡਾਂ ਵਿੱਚ ਚੇਤਨਾ ਰੈਲੀਆਂ ਕਰ ਕੇ ‘ਖੇਤੀ ਮਾਡਲ ਬਦਲ ਉਸਾਰੋ’ ਮੁਹਿੰਮ ਤਹਿਤ ਪੰਜਾਬ ਨੂੰ ਇੱਕ ਬਦਲਵੇਂ ਕੁਦਰਤ, ਵਾਤਾਵਰਨ ਲਈ ਸੁਖਾਵੇਂ ਅਤੇ ਕਿਸਾਨ-ਮਜ਼ਦੂਰ ਪੱਖੀ ਹੰਢਣਸਾਰ ਖੇਤੀ ਕਰਨ ਲਈ ਪ੍ਰੇਰਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਯੂਨੀਅਨ ਵੱਲੋਂ ਮਿਨੀ ਸਕੱਤਰੇਤ ਫ਼ਰੀਦਕੋਟ ਵਿੱਚ 9 ਜੂਨ ਨੂੰ ਵਿਸ਼ਾਲ ਕਾਨਫ਼ਰੰਸ ਕਰਨ ਦਾ ਐਲਾਨ ਵੀ ਕੀਤਾ, ਜਿਸ ਦੀ ਤਿਆਰੀ ਲਈ ਵੱਖ-ਵੱਖ ਵਿੱਚ ਭਰਵੀਆਂ ਮੀਟਿੰਗਾਂ ਤੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਹਰੇ ਇਨਕਲਾਬ ਦੇ ਖੇਤੀ ਮਾਡਲ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ। ਉਨ੍ਹਾਂ ਕਿਹਾ ਕਿ ਹੁਣ ਸਮੱਸਿਆ ਝੋਨਾ ਲਾਉਣ ਦੀ ਤਰੀਕ ਜਾਂ ਤਰੀਕੇ ਦੀ ਨਹੀਂ ਬਲਕਿ ਖੁਦ ਝੋਨਾ ਹੈ, ਜਿਸ ਤੋਂ ਨਿਜ਼ਾਤ ਪਾਉਣ ਲਈ ਪੰਜਾਬ ਨੂੰ ਇੱਕ ਬਦਲਵੇਂ, ਕੁਦਰਤ ਤੇ ਵਾਤਾਵਰਨ ਲਈ ਸੁਖਾਵੇਂ ਅਤੇ ਕਿਸਾਨ-ਮਜ਼ਦੂਰ ਪੱਖੀ ਹੰਢਣਸਾਰ ਖੇਤੀ ਮਾਡਲ ਦੀ ਲੋੜ ਹੈ ਅਤੇ ਇਹ ਮਾਡਲ ਸਥਾਨਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾਣਾ ਚਾਹੀਦਾ ਹੈ।
‘ਖੇਤੀ ਬਦਲ ਉਸਾਰੋ ਮਾਡਲ’ ਦੀਆਂ ਤਿਆਰੀਆਂ
ਮੋਗਾ/ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਕਿਰਤੀ ਕਿਸਾਨ ਯੂਨੀਅਨ ਵੱਲੋਂ 9 ਜੂਨ ਨੂੰ ਮੋਗਾ ਵਿੱਚ ਮਨਾਏ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ‘ਖੇਤੀ ਬਦਲ ਉਸਾਰੋ ਮਾਡਲ’ ਸਮਾਗਮ ਕਰਵਾਇਆ ਜਾ ਰਿਹਾ ਹੈ। ਮਾਛੀਕੇ ਵਿੱਚ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਨਾਜਰ ਸਿੰਘ ਖਾਈ, ਮਜ਼ਦੂਰ ਯੂਨੀਅਨ ਦੇ ਭਰਪੂਰ ਸਿੰਘ ਰਾਮਾ ਅਤੇ ਨੌਜਵਾਨ ਸਭਾ ਦੇ ਰਾਜਦੀਪ ਸਿੰਘ ਰਾਉਕੇ ਨੇ ਮੁੱਕ ਰਹੇ ਪਾਣੀ ਤੇ ਵਾਤਾਵਰਨ ਵਿੱਚ ਵਿਗਾੜ ’ਤੇ ਚਿੰਤਾ ਪ੍ਰਗਟ ਕਰਦਿਆਂ 9 ਜੂਨ ਨੂੰ ਮੋਗਾ ਵਿੱਚ ਵੱਡੀ ਗਿਣਤੀ ’ਚ ਕਿਸਾਨ ਮਜ਼ਦੂਰਾਂ ਨੂੰ ਪੁੱਜਣ ਦੀ ਅਪੀਲ ਕੀਤੀ ਹੈ।