ਪੱਤਰ ਪ੍ਰੇਰਕ
ਗੁਰੂਸਰ ਸੁਧਾਰ , 25 ਨਵੰਬਰ
ਲਾਗਲੇ ਪਿੰਡ ਤੁਗਲ ਵਿੱਚੋਂ ਲੰਘਦੀ ਅਬੋਹਰ ਬਰਾਂਚ ਨਹਿਰ ਪੁਲ ਦੀ ਖ਼ਸਤਾ ਹਾਲਤ ਕਾਰਨ ਪਿੰਡ ਵਾਸੀ ਪਿਛਲੇ ਕਰੀਬ ਵੀਹ ਸਾਲਾਂ ਤੋਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ। ਨਵੇਂ ਪੁਲ ਦੇ ਨਿਰਮਾਣ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਦੀ ਆਸ ਬੱਝੀ ਜਦ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਮੰਡੀਕਰਨ ਬੋਰਡ ਵੱਲੋਂ ਬਣਾਏ ਜਾ ਰਹੇ ਇਸ ਪੁਲ ਦਾ ਲੈਂਟਰ ਸਰਪੰਚ ਮਨਜੀਤ ਸਿੰਘ ਬੁੱਟਰ ਅਤੇ ਵੱਡੀ ਗਿਣਤੀ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਪਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਪੁਲ ਦਾ ਨਿਰਮਾਣ ਨਾ ਹੋਣ ਕਾਰਨ ਬੀਤੇ ਸਮੇਂ ਵਿਚ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ, ਉੱਥੇ ਖ਼ੁਦ ਪਿੰਡ ਵਾਸੀਆਂ ਸਮੇਤ ਆਸ ਪਾਸ ਪਿੰਡਾਂ ਦੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਜਾਂ ਮੰਡੀਆਂ ਤੱਕ ਪਹੁੰਚਣ ਲਈ ਦੂਜੇ ਪਿੰਡਾਂ ਦੇ ਪੁਲਾਂ ਤੋਂ ਘੁੰਮ ਕੇ ਆਉਣਾ ਪੈਂਦਾ ਸੀ। ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਸਕੂਲ ਪਹੁੰਚਦੇ ਸਨ, ਜਦਕਿ ਕਿਸੇ ਪਿੰਡ ਵਾਸੀ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਅੰਤਿਮ ਯਾਤਰਾ ਵੀ ਇਕ ਵੱਡੀ ਮੁਸੀਬਤ ਬਣ ਜਾਂਦੀ ਸੀ। ਪਿੰਡ ਦੇ ਸਰਪੰਚ ਮਨਜੀਤ ਸਿੰਘ ਬੁੱਟਰ, ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਦਾ ਧੰਨਵਾਦ ਕੀਤਾ। ਮੰਡੀ ਬੋਰਡ ਦੇ ਉਪ ਮੰਡਲ ਅਫ਼ਸਰ ਜਤਿਨ ਸਿੰਗਲਾ ਨੇ ਭਰੋਸਾ ਦਿੱਤਾ ਕਿ ਚਾਰ ਹਫ਼ਤੇ ਬਾਅਦ ਪੁਲ ਲੋਕਾਂ ਦੀ ਸਹੂਲਤ ਲਈ ਖੋਲ੍ਹ ਦਿੱਤਾ ਜਾਵੇਗਾ।