ਸਤਵਿੰਦਰ ਬਸਰਾ
ਲੁਧਿਆਣਾ, 8 ਫਰਵਰੀ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਬੈਠੇ ਕਿਸਾਨਾਂ ਦੇ ਹੱਕ ’ਚ ਅੱਜ ਸ਼ਹਿਰ ਵਾਸੀਆਂ ਵੱਲੋਂ ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਪੈਦਲ ਮਾਰਚ ਕੱਢਿਆ ਗਿਆ। ਇਹ ਮਾਰਚ ਸਰਾਭਾ ਨਗਰ ਦੇ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਦੁਰਗਾ ਮਾਤਾ ਮੰਦਰ ਜਾ ਕੇ ਸਮਾਪਤ ਹੋਇਆ। ਮਾਰਚ ਦੀ ਅਗਵਾਈ ਕਰਦਿਆਂ ਸ਼ਿਵਮ ਅਰੋੜਾ, ਰਾਜਿੰਦਰ ਧਮੀਜਾ, ਕੂਕਲ ਗਿੱਲ ਅਤੇ ਪੁਨੀਤ ਧਮੀਜਾ ਨੇ ਕਿਹਾ ਕਿ ਅੱਜ ਦੇਸ਼ ਨੂੰ ਵੱਖ ਵੱਖ ਧਰਮਾਂ ਵਿੱਚ ਵੰਡ ਕੇ ਇੱਕ-ਦੂਜੇ ਨਾਲ ਲੜਾਇਆ ਜਾ ਰਿਹਾ ਹੈ। ਸਾਡੇ ਰਾਜਨੀਤਕ ਆਗੂ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹੇ ਹਥਕੰਡੇ ਅਪਣਾ ਰਹੇ ਹਨ ਪਰ ਹੁਣ ਲੋਕ ਸੁਚੇਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡਾ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਹੱਦਾਂ ’ਤੇ ਬੈਠਾ ਹੈ ਪਰ ਅਫਸੋਸ ‘ਗੋਦੀ’ ਮੀਡੀਆ ਅਤੇ ਕਈ ਸਿਆਸਤਦਾਨ ਇਨ੍ਹਾਂ ਨੂੰ ਅਤਿਵਾਦੀ ਤੇ ਦੇਸ਼ ਵਿਰੋਧੀ ਆਖ ਰਹੇ ਹਨ।
ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਰਾਹੀਂ ਵੱਡੇ ਵੱਡੇ ਕਾਰਪੋਰੇਟਾਂ ਨੂੰ ਅਨਾਜ ਅਤੇ ਹੋਰ ਵਸਤਾਂ ਦੇ ਭੰਡਾਰ ਕਰਨ ’ਤੇ ਕੋਈ ਰੋਕ ਨਾ ਲਗਾਉਣ ਨਾਲ ਮਹਿੰਗਾਈ ਵਧੇਗੀ। ਅਜਿਹੇ ਕਾਨੂੂੰਨਾਂ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨ ਲਈ ਹੀ ਅੱਜ ਦੀ ਇਹ ਪੈਦਲ ਮਾਰਚ ਕੱਢਿਆ ਗਿਆ ਹੈ। ਸਾਂਝੀਵਾਲਤਾ ਦਾ ਸੁਨੇਹਾ ਦਿੰਦਾ ਇਹ ਮਾਰਚ ਗੁਰਦੁਆਰੇ ਤੋਂ ਸ਼ੁਰੂ ਹੋ ਕੇ ਕੋਚਰ ਮਾਰਕੀਟ ਤੋਂ ਹੁੰਦਾ ਹੋਇਆ ਰਸਤੇ ਵਿੱਚ ਚਰਚ ’ਚ ਵੀ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਵੱਲੋਂ ਮਾਰਚ ’ਚ ਸ਼ਾਮਲ ਲੋਕਾਂ ਲਈ ਲੰਗਰ ਲਾਇਆ ਗਿਆ। ਮਾਰਚ ਵਿੱਚ ਸ਼ਾਮਲ ਲੋਕਾਂ ਨੇ ਹੱਥਾਂ ਵਿੱਚ ਵੱਖ-ਵੱਖ ਕਿਸਾਨ ਪੱਖੀ ਨਾਅਰਿਆਂ ਵਾਲੇ ਪੋਸਟਰ ਫੜੇ ਹੋਏ ਸਨ। ਉਨ੍ਹਾਂ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ।