ਦੋਰਾਹਾ (ਜੋਗਿੰਦਰ ਸਿੰਘ ਓਬਰਾਏ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿੱਚ ਹੋ ਰਹੀ ਮਹਾਪੰਚਾਇਤ ਦੁਨੀਆਂ ਦੇ ਇਤਿਹਾਸ ਵਿਚ ਮੋਦੀ ਸਰਕਾਰ ਦੇ ਪਤਨ ਦਾ ਮੁੱਖ ਕਾਰਨ ਬਣ ਕੇ ਨਬਿੜੇਗੀ। ਇਹ ਗੱਲ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਆਗੂਆਂ ਰਾਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਕੋਟ ਪਨੈਚ ਨੇ ਕਹੀ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦਾ ਬੱਚਾ ਬੱਚਾ ਖੇਤੀ ਕਾਨੂੰਨਾਂ ਦੀ ਜਾਣਕਾਰੀ ਰੱਖ ਰਿਹਾ ਹੈ, ਪਰ ਵਪਾਰ ਬਣੀ ਰਾਜਨੀਤੀ ਦੇ ਲੁਤਫ਼ ’ਚ ਡੁੱਬੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਸਾਥੀਆਂ ਦੀ ਅਕਲ ’ਤੇ ਪਰਦਾ ਪਿਆ ਜਾਪਦਾ ਹੈ। ਆਗੂਆਂ ਨੇ ਸਮੁੱਚੇ ਭਾਈਚਾਰਿਆਂ ਤੇ ਆਮ ਲੋਕਾਂ ਨੂੰ ਆਪਣੇ ਰੁਝੇਵਿਆਂ ਤੋਂ ਨਿਕਲ ਕੇ ਮੁਜ਼ੱਫ਼ਰਨਗਰ ਦੀ ਮਹਾਂ ਪੰਚਾਇਤ ਵਿਚ ਮਨੁੱਖਤਾ ਦਾ ਹੜ੍ਹ ਲਿਆਉਣ ਲਈ ਇੱਕਠੇ ਹੋਣ ਦੀ ਅਪੀਲ ਕੀਤੀ। ਇਸ ਮੌਕੇ ਤਰਲੋਚਨ ਸਿੰਘ, ਕੁਲਦੀਪ ਸਿੰਘ, ਹਰਪਾਲ ਸਿੰਘ, ਸੁਖਦੇਵ ਸਿੰਘ ਮਾਂਗਟ ਨੇ ਵੀ ਸੰਬੋਧਨ ਕੀਤਾ।