ਪੱਤਰ ਪ੍ਰੇਰਕ
ਰਤੀਆ, 4 ਮਈ
ਪਿੰਡ ਭਰਪੂਰ ਵਿਚ ਪਿਛਲੇ ਕਾਫ਼ੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਨਾ ਹੋਣ ਕਾਰਨ ਪ੍ਰੇਸ਼ਾਨ ਹੋਏ ਲੋਕਾਂ ਨੇ ਪਿੰਡ ਦੇ ਜਲਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਪਿੰਡ ਵਿਚ ਵਾਧੂ ਪਾਣੀ ਦੇ ਟੈਂਕ ਦਾ ਨਿਰਮਾਣ ਕੀਤਾ ਜਾਵੇ ਤਾਂ ਕਿ ਇਸ ਭਿਆਨਕ ਗਰਮੀ ਵਿਚ ਪਿੰਡ ਵਿਚ ਪਾਣੀ ਦੀ ਸਮੱਸਿਆ ਨਾ ਆਵੇ। ਪ੍ਰਦਰਸ਼ਨਕਾਰੀ ਰਘਵੀਰ ਸਿੰਘ, ਜ਼ਿਲੇ ਸਿੰਘ, ਯਸ਼ਪਾਲ ਸੇਠੀ, ਮਹਿੰਦਰ ਸਿੰਘ, ਪ੍ਰਤਾਪ ਜਾਂਗੜਾ, ਰਮੇਸ਼ ਪੁਨੀਆ, ਗਿਆਨ ਪੁਨੀਆ, ਸੁਭਾਸ਼ ਪੁਨੀਆ ਅਤੇ ਹੋਰ ਦੱਸਿਆ ਕਿ ਜਨ ਸਿਹਤ ਵਿਭਾਗ ਵਲੋਂ ਉਨ੍ਹਾਂ ਦੇ ਪਿੰਡ ਵਿਚ ਜਲ ਘਰ ਹੈ ਅਤੇ ਇਸ ਤੋਂ ਪਿੰਡ ਵਿਚ ਨਹਿਰੀ ਪਾਣੀ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 25 ਦਿਨਾਂ ਤੋਂ ਨਹਿਰ ਵਿਚ ਬੰਦੀ ਆਉਣ ਕਾਰਨ ਜਲਘਰ ਦੇ ਟੈਂਕ ਵਿਚ ਨਹਿਰੀ ਪਾਣੀ ਸਮਾਪਤ ਹੋ ਗਿਆ ਹੈ, ਜਿਸ ਕਾਰਨ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ।