ਅੱਧੀ ਦਰਜਨ ਲੜਕੇ ਤੇ ਲੜਕੀਆਂ ਕਾਬੂ; ਵਾਹਨਾਂ ਦੀ ਵੀ ਕੀਤੀ ਜਾਂਚ
ਗਗਨਦੀਪ ਅਰੋੜਾ
ਲੁਧਿਆਣਾ, 2 ਸਤੰਬਰ
ਲੁਧਿਆਣਾ ’ਚ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਨਵੇਂ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਪੂਰੀ ਤਰ੍ਹਾਂ ਐਕਸ਼ਨ ’ਚ ਹਨ। ਪਹਿਲੇ ਦਿਨ ਮੌਕ ਡਰਿੱਲ ਤੇ ਦੂਸਰੇ ਦਿਨ ਬੱਸ ਅੱਡੇ ’ਤੇ ਚੈਕਿੰਗ ਮੁਹਿੰਮ ਚਲਾਈ। ਉਸ ਤੋਂ ਬਾਅਦ ਨਾਲ ਨਾਲ ਦੇਰ ਰਾਤ ਤੱਕ ਲੁਧਿਆਣਾ ਪੁਲ਼ੀਸ ਸੜਕਾਂ ’ਤੇ ਦੌੜਦੀ ਵਿਖਾਈ ਦਿੱਤੀ। ਕਦੇ ਪੁਲੀਸ ਕਿਸੇ ਪਾਸੇ ਚੈਕਿੰਗ ਕਰਦੀ ਤੇ ਕਦੇ ਕਿਸੇ ਪਾਸੇ ਚੈਕਿੰਗ ਕਰਦੀ ਦਿਖਾਈ ਦਿੱਤੀ। ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਵੱਲੋਂ ਬੁੱਧਵਾਰ ਬੱਸ ਅੱਡੇ ਦੇ ਕੋਲ ਹੋਟਲਾਂ ’ਚ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਸੀਆਈਏ-2 ਦੀ ਪੁਲੀਸ ਵੀ ਨਾਲ ਸੀ। ਪੁਲੀਸ ਦੇ ਵੱਲੋਂ ਹੋਟਲ ਪਾਰਕ ਬਲੂ ’ਚ ਛਾਪੇਮਾਰੀ ਕੀਤੀ ਗਈ, ਜਿੱਥੇ 6 ਨੌਜਵਾਨਾਂ ਤੇ ਛੇ ਲੜਕੀਆਂ ਨੂੰ ਕਾਬੂ ਕੀਤਾ ਗਿਆ। ਪੁਲੀਸ ਦੇ ਆਉਣ ’ਤੇ ਹੋਟਲ ਮਾਲਕ ਤੇ ਮੈਨੇਜਰ ਫ਼ਰਾਰ ਹੋ ਗਏ। ਪੁਲੀਸ ਨੇ ਹੋਟਲ ’ਚੋਂ ਕਾਬੂ ਕੀਤੇ ਗਏ ਸਾਰੇ ਲੋਕਾਂ ’ਤੇ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਪੁਲੀਸ ਨੇ ਕਈ ਹੋਟਲਾਂ ’ਚ ਜਾ ਕੇ ਚੈਕਿੰਗ ਕੀਤੀ। ਏਡੀਸੀਪੀ ਰੁਪਿੰਦਰ ਕੌਰ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪਰੂਫ਼ ਚੈਕ ਕੀਤੇ ਜਾ ਰਹੇ ਹਨ। ਹੋਟਲ ਮਾਲਕ ਤੇ ਮੈਨੇਜਰ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪੁਲੀਸ ਵੱਲੋਂ ਸ਼ਹਿਰ ਦੇ ਪੌਸ਼ ਇਲਾਕੇ ਸਰਾਭਾ ਨਗਰ ਮਾਰਕੀਟ ਦੇ ਨਾਲ ਨਾਲ ਵੱਖ-ਵੱਖ ਇਲਾਕਿਆਂ ’ਚ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਪੁਲੀਸ ਨੇ 25 ਦੇ ਕਰੀਬ ਲੋਕਾਂ ਨੂੰ ਕਾਬੂ ਕਰ 11 ਵਾਹਨਾਂ ਨੂੰ ਵੀ ਜ਼ਬਤ ਕੀਤਾ। ਏਡੀਸੀਪੀ ਸਮੀਰ ਵਰਮਾ ਦੀ ਅਗਵਾਈ ’ਚ ਵੱਖ-ਵੱਖ ਥਾਂਵਾਂ ’ਤੇ ਨਾਕਾਬੰਦੀ ਕੀਤੀ ਗਈ ਸੀ।
ਫੋਟੋ