ਨਵੀਂ ਦਿੱਲੀ, 27 ਅਕਤੂਬਰ
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਅਗਲੇ ਸਾਲ ਫਰਵਰੀ ਤੋਂ ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਲਈ ਟੈਸਟ ਉਡਾਣਾਂ ਦੀ ਲੜੀ ਸ਼ੁਰੂ ਕਰੇਗੀ। ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸਰੋ ਦੇ ਮਨੁੱਖੀ ਪੁਲਾੜ ਉਡਾਣ ਕੇਂਦਰ ਦੇ ਡਾਇਰੈਕਟਰ ਆਰ ਉਮਾ ਮਹੇਸ਼ਵਰਨ ਨੇ ਕਿਹਾ ਕਿ ਪੁਲਾੜ ਏਜੰਸੀ ਨੇ ਚਾਲਕ ਦਲ ਦੇ ਮਾਡਿਊਲ ਦੀ ਜਾਂਚ ਲਈ ਚਿਨੂਕ ਹੈਲੀਕਾਪਟਰ ਅਤੇ ਸੀ-17 ਗਲੋਬਮਾਸਟਰ ਟਰਾਂਸਪੋਰਟ ਹਵਾਈ ਜਹਾਜ਼ਾਂ ਨੂੰ ਤਾਇਨਾਤ ਕਰਨ ਦੀ ਯੋਜਨਾ ਬਣਾਈ ਹੈ, ਜੋ ਗਗਨਯਾਨ ਮਨੁੱਖੀ ਪੁਲਾੜ ਉਡਾਣ ਮਿਸ਼ਨ ਤਹਿਤ ਪੁਲਾੜ ਯਾਤਰੀਆਂ ਨੂੰ ਤਿੰਨ ਦਿਨਾਂ ਲਈ ਪੰਧ ਵਿੱਚ ਲੈ ਕੇ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2018 ਵਿੱਚ ਆਪਣੇ ਆਜ਼ਾਦੀ ਦਿਵਸ ਸੰਬੋਧਨ ਵਿੱਚ ਗਗਨਯਾਨ ਮਿਸ਼ਨ ਦਾ ਐਲਾਨ ਕੀਤਾ ਸੀ, ਜਿਸ ਨੂੰ ਮੁਕੰਮਲ ਕਰਨ ਲਈ 2022 ਤਕ ਦਾ ਅਸਥਾਈ ਟੀਚਾ ਮਿਥਿਆ ਗਿਆ ਸੀ। -ਪੀਟੀਆਈ