ਨਵੀਂ ਦਿੱਲੀ, 1 ਜੂਨ
ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸੋਧੇ ਹੋਏ ਐਕਸਾਈਜ਼ ਨੇਮਾਂ ਤਹਿਤ ਸ਼ਰਾਬ ਦੀ ਹੋਮ ਡਲਿਵਰੀ ਦੀ ਇਜਾਜ਼ਤ ਦੇ ਦਿੱਤੀ ਹੈ। ਸੋਮਵਾਰ ਨੂੰ ਨੋਟੀਫਾਈ ਕੀਤੇ ਦਿੱਲੀ ਐਕਸਾਈਜ਼ (ਸੋਧ) ਨਿਯਮਾਂ, 2021 ਮੁਤਾਬਕ ਲਾਇਸੈਂਸਧਾਰਕ ਨੂੰ ਐਪ ਜਾਂ ਵੈੱਬਸਾਈਟ ਜ਼ਰੀਏ ਘਰਾਂ ਤੱਕ ਸ਼ਰਾਬ ਦੀ ਡਲਿਵਰੀ ਦੇਣ ਦੀ ਖੁੱਲ੍ਹ ਹੋਵੇਗੀ। ਇਨ੍ਹਾਂ ਨੇਮਾਂ ਤਹਿਤ ਲਾਇਸੈਂਸਧਾਰਕਾਂ ਨੂੰ ਖੁੱਲ੍ਹੀਆਂ ਥਾਵਾਂ ਜਿਵੇਂ ਖੁੱਲ੍ਹੀ ਛੱਤ ਅਤੇ ਕਲੱਬ, ਬਾਰ ਤੇ ਰੈਸਟੋਰੈਂਟਾਂ ਦੇ ਵਿਹੜੇ ਵਿੱਚ ਸ਼ਰਾਬ ਵਰਤਾਉਣ ਦੀ ਖੁੱਲ੍ਹ ਹੋਵੇਗੀ। ਉਧਰ ਇਨ੍ਹਾਂ ਨਵੇਂ ਨੇਮਾਂ ਕਰਕੇ ਹੋ ਰਹੀ ਨੁਕਤਾਚੀਨੀ ਦੇ ਜਵਾਬ ਵਿੱਚ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਨੇਮਾਂ ਵਿੱਚ ਤਬਦੀਲੀ ਨੂੰ ਗ਼ਲਤ ਅਰਥਾਂ ਵਿੱਚ ਲਿਆ ਜਾ ਰਿਹਾ ਹੈ। -ਪੀਟੀਆਈ