ਨਵੀਂ ਦਿੱਲੀ, 10 ਮਾਰਚ
ਭਾਰਤ ਵੱਲੋਂ ਅਮਰੀਕਾ ਨਾਲ ਤਿੰਨ ਅਰਬ ਡਾਲਰ (ਕਰੀਬ 22 ਹਜ਼ਾਰ ਕਰੋੜ ਰੁਪਏ) ਦਾ ਵੱਡਾ ਰੱਖਿਆ ਸੌਦਾ ਕਰਨ ਦੀ ਯੋਜਨਾ ਹੈ। ਇਸ ਤਹਿਤ ਭਾਰਤ ਵੱਲੋਂ ਫ਼ੌਜ ਦੀ ਤਾਕਤ ਵਧਾਉਣ ਲਈ ਅਮਰੀਕਾ ਤੋਂ 30 ਹਥਿਆਰਬੰਦ ਡਰੋਨ ਖ਼ਰੀਦੇ ਜਾਣਗੇ। ਯੋਜਨਾ ਮੁਤਾਬਕ ਭਾਰਤ ਆਪਣੀਆਂ ਤਿੰਨਾਂ ਸੈਨਾਵਾਂ ਲਈ 10-10 ਐੱਮਕਿਊ-9 ਰੀਪਰ ਡਰੋਨ ਖ਼ਰੀਦੇਗਾ। ਡਰੋਨ ਖ਼ਰੀਦਣ ਦੇ ਫ਼ੈਸਲੇ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇਠਲੀ ਰੱਖਿਆ ਸਾਜ਼ੋ-ਸਾਮਾਨ ਖ਼ਰੀਦ ਪਰਿਸ਼ਦ ਦੀ ਬੈਠਕ ਦੌਰਾਨ ਅੰਤਿਮ ਰੂਪ ਦਿੱਤਾ ਗਿਆ ਸੀ। ਸੌਦੇ ’ਤੇ ਮੋਹਰ ਲਾਉਣ ਲਈ ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਇਸ ਮਹੀਨੇ ਭਾਰਤ ਦੇ ਦੌਰੇ ’ਤੇ ਆਉਣਗੇ। -ਆਈਏਐਨਐਸ