ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਅਗਸਤ
ਇਕ ਦਰਜਨ ਤੋਂ ਵਧੇਰੇ ਸੰਘਰਸ਼ਸ਼ੀਲ ਕਿਸਾਨ, ਮਜ਼ਦੂਰ ਤੇ ਹੋਰ ਇਨਸਾਫ਼ ਪਸੰਦ ਜਨਤਕ ਜਥੇਬੰਦੀਆਂ ਦੀ ਇਕੱਤਰਤਾ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿੱਚ ਹੋਈ। ਤਰਲੋਚਨ ਸਿੰਘ ਝੋਰੜਾਂ ਦੀ ਪ੍ਰਧਾਨਗੀ ਹੇਠ ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਕਾਮਾਗਾਟਾਮਾਰੂ ਯਾਦਗਾਰ ਕਮੇਟੀ, ਮਗਨਰੇਗਾ ਮਜ਼ਦੂਰ ਯੂਨੀਅਨ, ਜਬਰ ਵਿਰੋਧੀ ਤਾਲਮੇਲ ਕਮੇਟੀ, ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਨੇ ਸ਼ਮੂਲੀਅਤ ਕੀਤੀ। ਸਰਬਸੰਮਤੀ ਨਾਲ ਬੀਤੀ 26 ਜੁਲਾਈ ਨੂੰ ਪਿੰਡ ਮੋਰਕਰੀਮਾਂ ਵਿੱਚ ਦਿੱਲੀ ਮੋਰਚੇ ਦੇ ਸੱਦੇ ਮੁਤਾਬਕ 31 ਜੁਲਾਈ ਦੇ ਰੇਲ ਚੱਕਾ ਜਾਮ ਦੀਆਂ ਤਿਆਰੀਆਂ ਵਜੋਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਕੀਤੀ ਜਾ ਰਹੀ ਪੁਰਅਮਨ ਜਨਤਕ ਰੈਲੀ ’ਚ ਹੁੱਲੜਬਾਜ਼ ਅਨਸਰਾਂ ਵੱਲੋਂ ਵਿਘਨ ਪਾਉਣ ਅਤੇ ਆਗੂਆਂ ਨੂੰ ਸ਼ਰ੍ਹੇਆਮ ਗਾਲ੍ਹਾਂ ਕੱਢਣ, ਅਪਸ਼ਬਦ ਬੋਲਣ, ਧਮਕੀਆਂ ਦੇਣ, ਜਬਰੀ ਸਾਊਂਡ ਮਾਈਕ ਖੋਹਣ ਦਾ ਯਤਨ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਜਥੇਬੰਦੀਆਂ ਦੇ ਆਗੂਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਬਿਨਾਂ ਕਿਸੇ ਦੇਰੀ ਤੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਜਥੇਬੰਦੀਆਂ ਦੇ ਆਗੂਆਂ ਨੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਆਈਪੀਐੱਸ ਨੂੰ ਮਿਲ ਕੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ।
ਆਗੂਆਂ ਨੇ ਦੱਸਿਆ ਕਿ ਐੱਸਐੱਸਪੀ ਨੇ ਵਫ਼ਦ ਨੂੰ ਸ਼ਰਾਰਤੀ ਅਨਸਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ ਹੈ।