ਪੁਨੀਤ ਮੈਨਨ
ਧਨੌਲਾ, 5 ਜੂਨ
ਇੱਥੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ਨਾਲ ਸਬੰਧਿਤ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਡਬਰ ਟੌਲ ਪਲਾਜ਼ਾ ’ਤੇ ਧਰਨਾ ਲਾ ਕੇ ਢਾਈ ਘੰਟਿਆਂ ਲਈ ਟੌਲ ਵਸੂਲੀ ਬੰਦ ਕਰਵਾ ਦਿੱਤੀ ਗਈ। ਇਸ ਮੌਕੇ ਟੌਲ ਕੰਪਨੀ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਇਕਾਈ ਪ੍ਰਧਾਨ ਮਲਕੀਤ ਸਿੰਘ ਗਿੱਲ, ਜ਼ਿਲ੍ਹਾ ਸੰਗਰੂਰ ਦੇ ਸਕੱਤਰ ਦਰਸ਼ਨ ਸਿੰਘ, ਭੁਪਿੰਦਰ ਸਿੰਘ ਅਤੇ ਜਸਦੀਪ ਸਿੰਘ ਬਹਾਦਰਪੁਰ ਨੇ ਦੱਸਿਆ ਕਿ ਟੌਲ ਪਲਾਜ਼ਾ ਦੀ ਮੁੱਖ ਸੜਕ ’ਤੇ ਬਡਬਰ ਤੋਂ ਲੈ ਕੇ ਬਡਰੁੱਖਾਂ ਤੱਕ ਸੜਕ ਉੱਪਰ ਲੱਗੀਆਂ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਾਰ-ਵਾਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਇਸ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਈ ਜਗ੍ਹਾ ’ਤੇ ਬਿਜਲੀ ਦੇ ਖੰਭੇ ਟੁੱਟ ਕੇ ਸੜਕ ’ਤੇ ਡਿੱਗ ਚੁੱਕੇ ਹਨ। ਸੜਕ ’ਤੇ ਵਾਪਰੇ ਹਾਦਸਿਆਂ ਕਾਰਨ ਮਰੇ ਪਸ਼ੂਆਂ ਨੂੰ ਕਈ-ਕਈ ਦਿਨ ਚੁੱਕਿਆ ਨਹੀਂ ਜਾਂਦਾ।
ਜ਼ਿਲ੍ਹਾ ਆਗੂ ਜੁਝਾਰ ਸਿੰਘ ਬਡਰੁੱਖਾਂ, ਅਮਰਜੀਤ ਸਿੰਘ, ਸੁਖਪਾਲ ਸਿੰਘ, ਬਲਵੀਰ ਸਿੰਘ ਸੜਕ ਬਣਾਉਣ ਤੋਂ ਪਹਿਲਾਂ ਲੱਖਾਂ ਦੀ ਗਿਣਤੀ ਵਿੱਚ ਮੁੱਖ ਸੜਕ ਤੋਂ ਦਰੱਖਤ ਵੱਢੇ ਗਏ ਸਨ, ਉਨ੍ਹਾਂ ਦੀ ਥਾਂ ’ਤੇ ਹੁਣ ਨਵੇਂ ਬੂਟੇ ਲਗਾਏ ਗਏ ਹਨ ਪਰ ਉਨ੍ਹਾਂ ਦੀ ਸੰਭਾਲ ਨਹੀਂ ਕੀਤੀ ਜਾ ਰਹੀ। ਇਸ ਸਬੰਧੀ ਸਮੱਸਿਆਵਾਂ ਦੇ ਹੱਲ ਲਈ ਲੰਘੀ 31 ਮਈ ਨੂੰ ਲਿਖਤੀ ਤੌਰ ’ਤੇ ਟੌਲ ਪਲਾਜ਼ਾ ਅਧਿਕਾਰੀਆਂ ਨੂੰ ਅੱਜ ਦੇ ਧਰਨੇ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਾ ਹੋਣ ’ਤੇ ਅੱਜ 11.30 ਤੋਂ 2 ਵਜੇ ਤੱਕ ਟੌਲ ਪਰਚੀ ਮੁਕਤ ਕੀਤਾ ਗਿਆ।
ਇਸ ਮੌਕੇ ਟੌਲ ਮੈਨੇਜਰ ਵੱਲੋਂ ਪੰਜ ਦਿਨਾਂ ਦੇ ਵਿੱਚ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿੰਦਿਆਂ ਧਰਨਾ ਖ਼ਤਮ ਕਰਵਾਇਆ ਗਿਆ।
ਇਸ ਮੌਕੇ ਕਸ਼ਮੀਰ ਸਿੰਘ, ਸਤਵੰਤ ਸਿੰਘ ਦੁੱਲਟ, ਇਕਾਈ ਲੌਂਗੋਵਾਲ ਦੇ ਪ੍ਰਧਾਨ ਹੇਦੇਵ ਸਿੰਘ ਦੁੱਲਟ, ਮੀਤ ਪ੍ਰਧਾਨ ਕਰਮ ਸਿੰਘ ਜੈਦ, ਇਕਾਈ ਕੁੰਨਰਾਂ ਦੇ ਪ੍ਰਧਾਨ ਸੁਖਦੇਵ ਸਿੰਘ ਮੌਜੂਦ ਸਨ।