ਪੱਤਰ ਪ੍ਰੇਰਕ
ਮਾਨਸਾ, 5 ਜੂਨ
ਜ਼ਿਲ੍ਹਾ ਮਾਨਸਾ ਦੇ ਰੇਤਲੇ ਟਿੱਬਿਆਂ ਨੂੰ ਹਰਿਆ-ਭਰਿਆ ਬਣਾਉਣ ਲਈ ਗਰਾਮ ਪੰਚਾਇਤਾਂ ਅੱਗੇ ਆਉਣ ਲੱਗੀਆਂ ਹਨ, ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਨੰਗਲ ਖੁਰਦ ਦੀ ਪੰਚਾਇਤ ਨੇ ਵੱਡੀ ਪਹਿਲ ਕਦਮੀ ਕਰਦਿਆਂ ਸਾਢੇ ਚਾਰ ਏਕੜ ਜ਼ਮੀਨ ਇਸ ਨੇਕ ਕਾਰਜ ਲਈ ਦਿੱਤੀ ਹੈ, ਜਿੱਥੇ 11,000 ਤੋਂ ਵੱਧ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾ ਕੇ ਇਸ ਨੂੰ ਵਿਰਾਸਤੀ ਜੰਗਲ ਦਾ ਰੂਪ ਦਿੱਤਾ ਜਾਵੇਗਾ।
ਸੈਂਕੜੇ ਮਗਨਰੇਗਾ ਵਰਕਰਾਂ ਨੇ ਅੱਜ ਜੂਨ ਮਹੀਨੇ ਦੀ ਗਰਮੀ ਦੇ ਵਰ੍ਹਦੇ ਕਹਿਰ ਦੌਰਾਨ ਤੜਕਸਾਰ ਤੋਂ ਦੇਰ ਸ਼ਾਮ ਤੱਕ ਪੌਦੇ ਨੂੰ ਲਗਾਏ। ਬੇਸ਼ੱਕ ਉਨ੍ਹਾਂ ਦੀ ਇਸ ਕਾਰਜ ਨਾਲ ਦਿਹਾੜੀ ਵੀ ਜੁੜੀ ਹੋਈ ਹੈ, ਪਰ ਉਨ੍ਹਾਂ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਵੱਖਰਾ ਉਤਸ਼ਾਹ ਅਤੇ ਭਾਵਨਾ ਦੇਖਣ ਨੂੰ ਮਿਲੀ, ਉਹ ਬਾਕੀ ਕੰਮਾਂ ਦੇ ਮੁਕਾਬਲੇ ਇਸ ਅਹਿਮ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਗੰਭੀਰ ਦਿਸੇ।
ਰਾਊਂਡਗਲਾਸ ਫਾਊਂਡੇਸ਼ਨ ਮੁਹਾਲੀ ਵੱਲੋਂ 15 ਜ਼ਿਲ੍ਹਿਆਂ ਦੇ 270 ਪਿੰਡਾਂ ਵਿੱਚ ਸਥਾਪਿਤ ਕੀਤੇ ਜੰਗਲਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਪੌਦੇ ਲਾਏ ਗਏ ਹਨ। ਸੰਸਥਾ ਦੇ ਇੰਚਾਰਜ ਰਜਨੀਸ਼ ਵਰਮਾ, ਗੁਰਸਿਮਰਨ ਹਥੋਆ ਅਤੇ ਪੀਆਰਓ ਕਿਸ਼ਨ ਭਾਰਦਵਾਜ ਨੇ ਦੱਸਿਆ ਕਿ ਸਾਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਹਰ ਰੋਜ਼ ਬੂਟੇ ਲਗਾਉਣ ਦੀ ਮੁਹਿੰਮ ਚਲਾਕੇ ਹਰ ਰੋਜ਼ ਵਾਤਾਵਰਨ ਦਿਵਸ ਮਨਾਉਣ ਦੀ ਲੋੜ ਹੈ, ਫਿਰ ਹੀ ਪੰਜਾਬ ਨੂੰ ਹਰਿਆ-ਭਰਿਆ ਬਣਾ ਸਕਦੇ ਹਾਂ।
ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਸਰਬਜੀਤ ਸਿੰਘ, ਸੰਦੀਪ ਘੰਡ, ਬਲਦੇਵ ਸਿੰਘ, ਮਨਦੀਪ ਸਿੰਘ, ਸੁਖਜੀਤ ਸਿੰਘ, ਸਰਪੰਚ ਗੁਰਤੇਜ ਸਿੰਘ ਤੇ ਮੈਂਬਰ ਗੁਰਤੇਜ ਸਿੰਘ ਹਾਜ਼ਰ ਸਨ।