ਕੇ.ਪੀ ਸਿੰਘ
ਗੁਰਦਾਸਪੁਰ, 24 ਦਸੰਬਰ
ਪੁਲੀਸ ਸਟੇਸ਼ਨ ਪੁਰਾਣਾਸ਼ਾਲਾ ਅਧੀਨ ਆਉਂਦੇ ਪਿੰਡ ਨੌਸ਼ਹਿਰਾ ਵਿੱਚ ਸੜਕ ਉੱਤੇ ਮਿੱਟੀ ਪਾਏ ਜਾਣ ਦੇ ਵਿਵਾਦ ਦੇ ਚੱਲਦਿਆਂ ਛੇ ਵਿਅਕਤੀਆਂ ਨੇ ਇੱਕ ਬਜ਼ੁਰਗ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ । ਪੁਲੀਸ ਨੇ ਇਨ੍ਹਾਂ ਛੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਅਮਰਜੀਤ ਸਿੰਘ ਦੀ ਨੂੰਹ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕੁਲਜੀਤ ਸਿੰਘ ਅਮਰੀਕਾ ਰਹਿੰਦਾ ਹੈ ਜਦਕਿ ਉਸ ਦਾ ਸਹੁਰਾ ਅਮਰਜੀਤ ਸਿੰਘ (72) ਉਸ ਕੋਲ ਰਹਿੰਦਾ ਹੈ। ਉਨ੍ਹਾਂ ਦੇ ਪਿੰਡ ਚਾਵਾ ਵਿੱਚ ਮੁੱਖ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਰਸਤੇ ’ਤੇ ਮਿੱਟੀ ਪਾਈ ਜਾ ਰਹੀ ਹੈ । ਉਸ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿੱਚੋਂ ਵੀ ਮਿੱਟੀ ਪੁੱਟ ਕੇ ਸੜਕ ਉੱਤੇ ਪਾਈ ਜਾ ਰਹੀ ਹੈ। ਇਸ ਗੱਲ ਉੱਤੇ ਉਸ ਦੇ ਸਹੁਰੇ ਨੂੰ ਇਤਰਾਜ਼ ਸੀ। ਮਨਪ੍ਰੀਤ ਨੇ ਦੱਸਿਆ ਕਿ ਬੀਤੀ 23 ਦਸੰਬਰ ਨੂੰ ਪਿੰਡ ਵਾਸੀ ਕੁਲਵਿੰਦਰ ਸਿੰਘ ਪੁੱਤਰ ਜਗੀਰ ਸਿੰਘ ਅਤੇ ਨਿਰਮਲ ਸਿੰਘ ਪੁੱਤਰ ਮੁਖ਼ਤਿਆਰ ਸਿੰਘ ਉਸ ਦੇ ਸਹੁਰੇ ਨੂੰ ਮੌਕਾ ਦੇਖਣ ਲਈ ਨਾਲ ਲੈ ਗਏ।
ਹਰਜਿੰਦਰ ਸਿੰਘ ਨੇ ਉਸ ਨੂੰ ਦੱਸਿਆ ਕਿ ਅਮਰਜੀਤ ਸਿੰਘ ਦੀ ਮੌਤ ਹੋ ਗਈ ਹੈ। ਉਹ ਹਰਜਿੰਦਰ ਸਿੰਘ ਨਾਲ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਦੀਵਾਨ ਸਿੰਘ, ਜਸਬੀਰ ਸਿੰਘ, ਜਿੰਦੂ ਵਾਸੀ ਨੌਸ਼ਹਿਰਾ ਨੇ ਉਸ ਦੇ ਸਹੁਰੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਹੈ।