ਮੁੰਬਈ, 8 ਫਰਵਰੀ
ਫਿਲਮ ਨਿਰਮਾਤਾ ਵਿਕਰਮ ਭੱਟ ਨੇ ਸੋਮਵਾਰ ਨੂੰ ਆਪਣੀ ਅਗਲੀ ਡਰਾਉਣੀ ਫਿਲਮ ‘ਕੋਲਡ’ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਵਿੱਚ ਅਕਸ਼ੈ ਓਬਰਾਏ ਅਤੇ ਅਨੀਸ਼ਾ ਪਾਹੂਜਾ ਕੰਮ ਕਰਨਗੇ। ‘ਕੋਲਡ’ ਫਿਲਮ ਦਾ ਨਿਰਮਾਣ ਮਹੇਸ਼ ਭੱਟ ਕਰਨਗੇ ਜਦਕਿ ਇਸ ਦੀ ਕਹਾਣੀ ਸੁਹਰਿਤਾ ਸੇਨ ਗੁਪਤਾ ਨੇ ਲਿਖੀ ਹੈ। ‘ਰਾਜ਼’ ਫਿਲਮ ਤੋਂ ਦੋ ਦਹਾਕੇ ਬਾਅਦ ਵਿਕਰਮ ਭੱਟ ਅਤੇ ਮਹੇਸ਼ ਭੱਟ ਫਿਰ ਤੋਂ ਇਕੱਠੇ ਫਿਲਮ ਬਣਾਉਣ ਜਾ ਰਹੇ ਹਨ।
ਨਿਰਮਾਤਾਵਾਂ ਦੇ ਅਨੁਸਾਰ, ‘ਕੋਲਡ’ ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਭਿਆਨਕ ਸਮੇਂ ’ਚੋਂ ਉਭਰ ਕੇ ਆਉਂਦੀ ਹੈ ਅਤੇ ਦੱਸਦੀ ਹੈ ਕਿ ਉਹ ਇੱਕ ਵੱਡੇ ਸ਼ਹਿਰ ’ਚ ਕਿਵੇਂ ਬਚੀ ਜਿੱਥੇ ਹਰ ਥਾਂ ਖਤਰਾ ਸੀ। ਵਿਕਰਮ ਭੱਟ ਜੋ ਕਿ ‘ਰਾਜ਼’ ਅਤੇ ‘1920’ ਵਰਗੀਆਂ ਡਰਾਉਣੀਆਂ ਫਿਲਮਾਂ ਦੇ ਨਿਰਦੇਸ਼ਨ ਲਈ ਜਾਣੇ ਜਾਂਦੇ ਹਨ, ਨੇ ਕਿਹਾ, ‘‘ਮੈਂ ਮਹੇਸ਼ ਭੱਟ ਨਾਲ ਮਿਲ ਕੇ 20 ਸਾਲ ਬਾਅਦ ਮੁੜ ਕੋਈ ਡਰਾਉਣੀ ਫਿਲਮ ਬਣਾ ਰਿਹਾ ਹਾਂ ਅਤੇ ਇਹ ਫਿਲਮ ਹੁਣ ਤੱਕ ਬਣੀਆਂ ਅਜਿਹੀਆਂ ਫਿਲਮਾਂ ਵਿੱਚੋਂ ਸਭ ਤੋਂ ਡਰਾਉਣੀ ਹੋਵੇਗੀ।’’ ਫ਼ਿਲਮ ਦਾ ਪਹਿਲਾ ਸ਼ੂਟਿੰਗ ਸ਼ਡਿਊਲ ਮੁੰਬਈ ਵਿੱਚ ਸ਼ੁਰੂ ਹੋਇਆ ਹੈ। -ਪੀਟੀਆਈ