ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਮਈ
ਕਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਵੇਖਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਮਰੀਜ਼ਾਂ ਲਈ 125 ਬੈੱਡਾਂ ਵਾਲਾ ਇੱਕ ਹੋਰ ਹਸਪਤਾਲ ਖੋਲ੍ਹਣ ਦੀ ਤਿਆਰੀ ਖਿੱਚ ਲਈ ਹੈ। ਇਹ ਹਸਪਤਾਲ 60 ਦਿਨਾਂ ਦੇ ਅੰਦਰ ਤਿਆਰ ਹੋ ਜਾਵੇਗਾ। ਐੱਨਆਰਆਈਜ਼ ਤੇ ਫਰਾਂਸ ਸਰਕਾਰ ਵੀ ਦਿੱਲੀ ਗੁਰਦੁਆਰਾ ਕਮੇਟੀ ਦੀ ਮਦਦ ਵਿੱਚ ਨਿੱਤਰੀ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 125 ਬੈੱਡਾਂ ਵਾਲੇ ਹਸਪਤਾਲ ਵਿੱਚ 35 ਆਈਸੀਯੂ ਬੈੱਡ ਹੋਣਗੇ। ਉਨ੍ਹਾਂ ਕਿਹਾ ਕਿ ਤੀਜੀ ਕਰੋਨਾ ਲਹਿਰ ਦਾ ਬੱਚਿਆਂ ’ਤੇ ਮਾੜਾ ਅਸਰ ਪੈਣ ਦੇ ਖ਼ਦਸ਼ੇ ਨੂੰ ਵੇਖਦਿਆਂ ਇਸ ਹਸਪਤਾਲ ਵਿੱਚ ਬੱਚਿਆਂ ਲਈ ਆਈ ਸੀਯੂ ਤੇ ਵੱਖਰਾ ਵਾਰਡ ਬਣਾਇਆ ਜਾ ਰਿਹਾ ਹੈ। ਹਸਪਤਾਲ ਦੇ ਅੰਦਰ ਹੀ ਐਕਸ ਰੇਅ ਤੇ ਸੀਟੀਸਕੈਨ ਦੀ ਸਹੂਲਤ ਹੋਵੇਗੀ। ਉਨ੍ਹਾਂ ਦੱਸਿਆ ਕਿ ਫਰਾਂਸ ਸਰਕਾਰ ਨੇ ਨੋਵਾ ਏਅਰ ਆਕਸੀਜ਼ਨ ਜਨਰੇਟਰ (ਪਲਾਂਟ) ਇਸ ਹਸਪਤਾਲ ਲਈ ਦਿੱਤਾ ਹੈ। ਸੰਗਤ ਨੇ ਦੁਜਾ ਆਕਸੀਜ਼ਨ ਜਨਰੇਟਰ ਪਲਾਂਟ ਦਿੱਤਾ ਹੈ। ਅਮਰੀਕਾ ਦੇ ਨਿਊਯਾਰਕ ਤੋਂ ਸੰਗਤ ਨੇ ਇਸ ਹਸਪਤਾਲ ਲਈ ਬੈੱਡ ਅਤੇ ਵੈਂਟੀਲੇਟਰ ਦਿੱਤੇ ਹਨ ਤੇ ਹੁਣ ਤੱਕ 6 ਆਈਸੀਯੂ ਬੈੱਡ, 5 ਆਈਸੀਯੂ ਵੈਂਟੀਲੇਟਰ ਤੇ 20 ਜਨਰਲ ਵਾਰਡ ਬੈੱਡ ਪ੍ਰਾਪਤ ਹੋ ਚੁੱਕੇ ਹਨ। ਇਸ ਇੰਸਟੀਚਿਊਟ ਵਿਚ ਅਗਲੇ ਸਾਲ ਤੋਂ ਮੈਡੀਕਲ ਨਰਸਾਂ ਦੇ ਕੋਰਸ ਸ਼ੁਰੂ ਹੋ ਜਾਣਗੇ ਤੇ ਅਗਲੇ ਤਿੰਨ ਸਾਲਾਂ ਅੰਦਰ ਇਥੇ ਪੂਰਾ ਮੈਡੀਕਲ ਕਾਲਜ ਸ਼ੁਰੂ ਹੋ ਜਾਵੇਗਾ।