ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਪਰੈਲ
ਇਥੇ ਥਾਣਾ ਸਿਟੀ ਵਿਖੇ ਕੋਰੀਅਰ ਕੰਪਨੀ ਮੈਨੇਜਰ ਅਤੇ ਸੁਰੱਖਿਆ ਗਾਰਡ ਨੂੰ ਹਵਾਲਾਤ ਵਿੱਚ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਉਨ੍ਹਾਂ ਦੀਆਂ ਲੱਤਾਂ ਕਾਠ (ਬਾਂਗ) ਵਿੱਚ ਫਸਾ ਕੇ ਤਸੀਹੇ ਦੇਣ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾਂ ਵਾਲੀ ਵੀਡੀਓ ਵਾਇਰਲ ਕਰਨ ਵਾਲੇ ਸਮਾਜ ਸੇਵੀ ਮਹਿੰਦਰਪਾਲ ਲੂੰਬਾਂ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਸਨਮਾਨਤ ਕੀਤਾ ਗਿਆ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ਼ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਸ੍ਰੀ ਲੂੰਬਾ ਵੱਲੋਂ ਆਪਣੀ ਸਰਕਾਰੀ ਨੌਕਰੀ ਅਤੇ ਜਾਨ ਨੂੰ ਖਤਰੇ ਵਿੱਚ ਪਾ ਕੇ ਅਜਿਹਾ ਕਾਰਨਾਮਾ ਕੀਤਾ ਗਿਆ ਹੈ। ਵਾਇਰਲ ਵੀਡੀਓ ਆਧਾਰ ’ਤੇ ਵਕੀਲ ਐੱਚਸੀ ਅਰੋੜਾ ਵੱਲੋਂ ਡੀਜੀਪੀ ਪੰਜਾਬ ਅਤੇ ਪ੍ਰਿੰਸੀਪਲ ਸਕੱਤਰ ਪੰਜਾਬ ਨੂੰ ਨੋਟਿਸ ਦਿੱਤਾ ਗਿਆ ਸੀ, ਜਿਸ ’ਤੇ ਸਖਤ ਕਾਰਵਾਈ ਕਰਦਿਆਂ ਕਸੂਰਵਾਰ ਪੁੁਲੀਸ ਮੁਲਾਜਮਾਂ ਨੂੰ ਸਜ਼ਾਵਾਂ ਮਿਲੀਆਂ। ਇਸ ਮੌਕੇ ਸ੍ਰੀ ਲੂੰਬਾ ਨੇ ਕਿਹਾ ਕਿ ਇਹ ਸਨਮਾਨ ਮੇਰੇ ਲਈ ਬੇਹੱਦ ਅਹਿਮ ਹੈ, ਜੋ ਮੈਨੂੰ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਊਰਜਾ ਪ੍ਰਦਾਨ ਕਰਦਾ ਹੈ। ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਰਣਜੀਤ ਸਿੰਘ ਧਾਲੀਵਾਲ, ਐੱਨਜੀਓ ਸਿਟੀ ਪ੍ਰਧਾਨ ਸੁਖਦੇਵ ਸਿੰਘ ਬਰਾੜ, ਟਰੱਸਟੀ ਦਰਸ਼ਨ ਸਿੰਘ ਲੋਪੋ, ਜਸਵੀਰ ਕੌਰ ਅਤੇ ਸੁਖਦੀਪ ਕੌਰ ਹਾਜ਼ਰ ਸਨ।