ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 29 ਅਕਤੂਬਰ
ਸਿੱਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੰਜਾਬੀ ਸਾਹਿਤ ਰਚਨ ਅਤੇ ਪ੍ਰਕਾਸ਼ਿਤ ਕਰਵਾਉਣ ਲਈ ਹੱਲਾਸ਼ੇਰੀ ਦਿੰਦਿਆਂ ਅੱਜ ਇੱਥੋਂ ਦੇ ਫੇਜ਼-8 ਸਥਿਤ ਸਿੱਖਿਆ ਭਵਨ ਵਿਚ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ (ਪ੍ਰਾਇਮਰੀ) ਜ਼ਿਲ੍ਹਾ ਰੂਪਨਗਰ ਦੇ ਕੋਆਰਡੀਨੇਟਰ ਰਾਬਿੰਦਰ ਸਿੰਘ ਰੱਬੀ ਦੀ ਲਿਖੀ ਪਲੇਠੀ ਪੁਸਤਕ ‘ਜ਼ਿੰਦਗੀ ਦੀ ਵਰਨਮਾਲਾ’ ਲੋਕ ਅਰਪਣ ਕੀਤੀ। ਇਸ ਮੌਕੇ ਉਨ੍ਹਾਂ ਨੇ ਅਧਿਆਪਕ ਨੂੰ ਇਸ ਵਧੀਆ ਕਾਰਜ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਭਵਿੱਖ ਵਿੱਚ ਸਾਹਿਤ ਸੰਸਾਰ ਦੀ ਝੋਲੀ ਵਿੱਚ ਹੋਰ ਕਿਤਾਬਾਂ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿੱਚ ਸਾਹਿਤ ਨੂੰ ਰਚਣ ਦਾ ਵਿਲੱਖਣ ਹੁਨਰ ਹੈ ਅਤੇ ਇਨ੍ਹਾਂ ਵੱਲੋਂ ਰਚਿਆ ਗਿਆ ਸਾਹਿਤ ਨੈਤਿਕ ਕਦਰਾਂ-ਕੀਮਤਾਂ ਦੀ ਗੁਥਲੀ ਹੈ। ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਅਧਿਆਪਕਾਂ ਵੱਲੋਂ ਪੰਜਾਬੀ ਸਾਹਿਤ ਜਗਤ ਵਿੱਚ ਮੱਲ੍ਹਾਂ ਵੀ ਮਾਰੀਆਂ ਜਾ ਰਹੀਆਂ ਹਨ। ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਨੈਤਿਕ ਕਦਰਾਂ-ਕੀਮਤਾਂ ਲਈ ਉਸਾਰੂ ਸਾਹਿਤ ਰਚਨ ਲਈ ਉਤਸ਼ਾਹਿਤ ਕਰਨ ’ਤੇ ਲੇਖਕ ਰਾਬਿੰਦਰ ਸਿੰਘ ਰੱਬੀ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ‘ਜ਼ਿੰਦਗੀ ਦੀ ਵਰਨਮਾਲਾ’ ਉਨ੍ਹਾਂ ਦੀ ਪਲੇਠੀ ਰਚਨਾ ਹੈ ਅਤੇ ਹੁਣ ਭਵਿੱਖ ਵਿੱਚ ਉਹ ਹੋਰ ਵੀ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪਾਠਕਾਂ ਦੀ ਝੋਲੀ ਪਾਉਣ ਲਈ ਕਾਰਜ ਕਰਦੇ ਰਹਿਣਗੇ। ਉਨ੍ਹਾਂ ਇਸ ਪੁਸਤਕ ਦੇ ਪ੍ਰਕਾਸ਼ਨ ਲਈ ਉਤਸ਼ਾਹ ਦੇਣ ਵਾਲੇ ਡਾ. ਦਵਿੰਦਰ ਸਿੰਘ ਬੋਹਾ ਤੇ ਆਪਣੀ ਜੀਵਨ ਸਾਥਣ ਕੰਵਲਜੀਤ ਕੌਰ ਦਾ ਵੀ ਧੰਨਵਾਦ ਕੀਤਾ।