ਸੁਭਾਸ਼ ਜੋਸ਼ੀ
ਬਲਾਚੌਰ, 9 ਮਾਰਚ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਉਣੀ ਦੇ ਕਿਸਾਨ ਮੇਲਿਆਂ ਦੀ ਲੜੀ ਵਿੱਚ ਕਰੋਨਾ ਕਾਰਨ ਪਹਿਲਾ ਵਰਚੁਅਲ ਕਿਸਾਨ ਮੇਲਾ ਯੂਨੀਵਰਸਿਟੀ ਦੇ ਡਾ. ਡੀ.ਆਰ. ਭੂੰਬਲਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਚ ਲਾਇਆ ਗਿਆ। ‘ਆਓ ਖੇਤੀ ਖ਼ਰਚ ਘਟਾਈਏ, ਵਾਧੂ ਪਾਣੀ-ਖਾਦ ਨਾ ਪਾਈਏ, ਸਹਾਇਕ ਧੰਦੇ ਨਾਲ ਅਪਣਾ ਕੇ ਖੇਤੀ ਲਾਹੇਵੰਦ ਬਣਾਈਏ’ ਦੇ ਉਦੇਸ਼ ਨੂੰ ਲੈ ਕੇ ਲਗਾਏ ਇਸ ਮੇਲੇ ਵਿੱਚ ਡਾ. ਆਰ.ਕੇ ਕਟਾਰੀਆ, ਡੀਨ, ਖੇਤੀਬਾੜੀ ਕਾਲਜ, ਚੌਧਰੀ ਸਰਵਨ ਕੁਮਾਰ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨਵਿਰਸਿਟੀ, ਪਾਲਮਪੁਰ, ਹਿਮਾਚਲ ਪ੍ਰਦੇਸ਼ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੇ ਕਸ਼ਮੀਰ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੂੰ ਮਿਲ ਕੇ ਕੰਮ ਕਰਨ ਲਈ ਪ੍ਰੇਰਿਆ।
ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾ. ਜਸਕਰਨ ਸਿੰਘ ਮਾਹਲ ਨੇ ਮੁੱਖ ਮਹਿਮਾਨ, ਪਤਵੰਤਿਆਂ ਤੇ ਵਰਚੁਅਲ ਕਿਸਾਨ ਮੇਲੇ ਵਿਚ ਭਾਗ ਲੈਣ ਵਾਲਿਆਂ ਦਾ ਸੁਆਗਤ ਕੀਤਾ। ਡਾ. ਨਵਤੇਜ ਸਿੰਘ ਬੈਂਸ ਨੇ ਬਦਲਦੇ ਮੌਸਮ ਅਤੇ ਖੇਤੀਬਾੜੀ ਵਿਚ ਆਉਦੀਆਂ ਔਕੜਾਂ ਤੇ ਧਿਆਨ ਦਿਵਾਇਆ। ਕਿਸਾਨ ਮੇਲੇ ਵਿੱਚ ਸ਼ਾਮਿਲ ਹੋਣ ਵਾਲੇੇ ਪਤਵੰਤਿਆਂ, ਕਿਸਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕਰਦਿਆਂ ਕੇਂਦਰ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ ਐਗਰੋ-ਪ੍ਰੋਸੈਸਿੰਗ ਤਕਨੀਕਾਂ, ਗੁਣਵੱਤਾ ਸੁਧਾਰ ਅਤੇ ਸਵੈ-ਮੰਡੀਕਰਨ ਆਦਿ ’ਤੇ ਜ਼ੋਰ ਦਿੱਤਾ।