ਅਧੂਰਾ ਸਿਰਲੇਖ
ਕੁਝ ਪਾਠਕਾਂ ਨੇ 5 ਅਗਸਤ ਦੇ ਅੰਕ ਵਿਚ ਛਪੇ ਮੇਰੇ ਲੇਖ ਦੇ ਸਿਰਲੇਖ ‘ਅੰਗਰੇਜ਼ ਸਰਕਾਰ ਨੂੰ ਵੰਗਾਰ’ ਦੇ ਅਧੂਰਾ ਜਿਹਾ ਹੋਣ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਅੰਦਾਜ਼ਾ ਸਹੀ ਹੈ। ਛਪਾਈ ਦੇ ਕਿਸੇ ਪੜਾਅ ਉੱਤੇ ਸਿਰਲੇਖ ਦਾ ਪਹਿਲਾ ਹਿੱਸਾ ਛੁੱਟ ਗਿਆ। ਅਸਲ ਵਿਚ ਪੂਰਾ ਸਿਰਲੇਖ ‘ਬੁੱਚੜ-ਮਾਰ ਸਾਕੇ: ਅੰਗਰੇਜ਼ ਸਰਕਾਰ ਨੂੰ ਵੰਗਾਰ’ ਸੀ।
ਗੁਰਬਚਨ ਸਿੰਘ ਭੁੱਲਰ, ਨਵੀਂ ਦਿੱਲੀ
ਮੌਸਮ ਵੱਲ ਲਾਪ੍ਰਵਾਹੀ
3 ਅਗਸਤ ਨੂੰ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ‘ਠੰਢੇ ਇੰਗਲੈਂਡ ਨੂੰ ਲੱਗਾ ਤਪਸ਼ੀ ਆਲਮ ਦਾ ਸੇਕ’ ਪੜ੍ਹਿਆ। ਅਸੀਂ ਆਪਣੀ ਧਰਤੀ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਇੰਨਾ ਜ਼ਿਆਦਾ ਪ੍ਰਦੂਸ਼ਣ ਹੋ ਗਿਆ ਕਿ ਮਨੁੱਖ ਨੇ ਜਾਨਵਰਾਂ ਦਾ ਜਿਊਣਾ ਵੀ ਔਖਾ ਕਰ ਦਿੱਤਾ ਹੈ। ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਅਤੇ ਮੌਸਮ ’ਚ ਤਿੱਖੀ ਤਬਦੀਲੀ ਆ ਰਹੀ ਹੈ, ਫਿਰ ਵੀ ਅਸੀਂ ਲਾਪ੍ਰਵਾਹ ਤੇ ਬੇਪ੍ਰਵਾਹ ਹਾਂ। ਜੇ ਅਸੀਂ ਅਜੇ ਵੀ ਨਾ ਸੁਧਰੇ ਤਾਂ ਇਕ ਦਿਨ ਇਹ ਧਰਤੀ ਬਰਬਾਦ ਹੋ ਜਾਣੀ ਹੈ।
ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ, ਹਰਿਆਣਾ)
(2)
ਇੰਗਲੈਂਡ ਵਿਚ ਪੈ ਰਹੀ ਗਰਮੀ ਬਾਰੇ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਅਹਿਮ ਮਸਲੇ ’ਤੇ ਚੰਗੀ ਜਾਣਕਾਰੀ ਦਿੰਦਾ ਹੈ। ਆਲਮੀ ਤਪਸ਼ ’ਚ ਤਪ ਰਹੇ ਅਜਿਹੇ ਮੁਲਕਾਂ ਨਾਲ ਇਸ ਮਸਲੇ ’ਤੇ ਕੁਝ ਸਾਰਥਿਕ ਹੋਣ ਦੀ ਸੰਭਾਵਨਾ ਬਣ ਸਕਦੀ ਹੈ, ਨਹੀਂ ਤਾਂ ਇਸ ਮਸਲੇ ਨੂੰ ਸਾਡੇ ਮੁਲਕਾਂ ਦਾ ਹੀ ਮਸਲਾ ਮੰਨਿਆ ਗਿਆ ਹੈ।
ਰਜਿੰਦਰ ਸਿੰਘ ਦੀਪਸਿੰਘਵਾਲਾ, ਈਮੇਲ
ਮਾਣ-ਸਨਮਾਨ
3 ਅਗਸਤ ਨੂੰ ‘ਨਮ ਅੱਖਾਂ’ ਸਿਰਲੇਖ ਹੇਠ ਛਪਿਆ ਪਾਲੀ ਰਾਮ ਬਾਂਸਲ ਦਾ ਮਿਡਲ ਉਨ੍ਹਾਂ ਦੀ ਜ਼ਿੰਦਗੀ ਦਾ ਮਹਿਜ਼ ਇਕ ਕਿੱਸਾ ਨਹੀਂ ਸਗੋਂ ਉਨ੍ਹਾਂ ਸਾਰੇ ਵਿਅਕਤੀਆਂ ਅੰਦਰ ਵੀ ਅਸੂਲਾਂ ’ਤੇ ਚੱਲਣ ਦੀ ਚਿਣਗ ਜਗਾਉਂਦਾ ਹੈ ਜੋ ਅੱਜ ਵੀ ਬਿਨਾ ਕਿਸੇ ਸੁਆਰਥ ਦੂਜਿਆਂ ਨੂੰ ਉੱਪਰ ਚੁੱਕਣ ਲਈ ਕੋਸ਼ਿਸ਼ ਕਰਦੇ ਰਹਿਣ ’ਚ ਯਕੀਨ ਰੱਖਦੇ ਹਨ। ਵਾਕਈ, ਅਜਿਹੀ ਤਬੀਅਤ ਦੇ ਮਾਲਕ ਮਾਣ-ਸਨਮਾਨ ਦੇ ਭੁੱਖੇ ਨਹੀਂ ਹੁੰਦੇ।
ਰਤਿਕਾ ਓਬਰਾਏ, ਪੋਹੀੜ (ਲੁਧਿਆਣਾ)
ਵੱਡੇ-ਛੋਟੇ ਦਿਲ
2 ਅਗਸਤ ਦੇ ਅੰਕ ਵਿਚ ਡਾ. ਹਜ਼ਾਰਾ ਸਿੰਘ ਚੀਮਾ ਦਾ ਮਿਡਲ ‘ਵੱਡੇ ਦਿਲ ਵਾਲੇ’ ਸਲਾਹੁਣਯੋਗ ਸੀ। ਮਹਿੰਗਾਈ ਦੇ ਜ਼ਮਾਨੇ ਵਿਚ ਮਾਲਕਾਂ ਕੋਲ ਪਈਆਂ ਵਾਧੂ ਚੀਜ਼ਾਂ ਮੰਗਣਾ ਕੰਮ ਵਾਲੀਆਂ ਔਰਤਾਂ ਦੀ ਮਜਬੂਰੀ ਵੀ ਹੁੰਦੀ ਹੈ ਅਤੇ ਉਹ ਆਪਣਾ ਹੱਕ ਵੀ ਸਮਝਦੀਆਂ ਹਨ। ਕਿਸੇ ਮੁਸੀਬਤ ਸਮੇਂ ਸੋਨੇ ਦੀਆਂ ਬਾਲੀਆਂ ਆਦਿ ਗਹਿਣੇ ਰੱਖ ਕੇ ਇਕ ਦੂਜੇ ਦੀ ਮਦਦ ਕਰਨਾ ਅਜਿਹੇ ‘ਛੋਟੇ ਲੋਕਾਂ’ ਦੇ ਵੱਡੇ ਦਿਲਾਂ ਦਾ ਸਬੂਤ ਹੈ। ਵੱਡੇ ਕਹਾਉਣ ਵਾਲੇ ਲੋਕ ਜ਼ਿਆਦਾਤਰ ਛੋਟੇ ਦਿਲਾਂ ਦੇ ਮਾਲਕ ਹੁੰਦੇ ਹਨ ਕਿਉਂਕਿ ਜਦੋਂ ਕਿਸੇ ਮੁਸੀਬਤ ਸਮੇਂ ਉਨ੍ਹਾਂ ਦੇ ਨੇੜਲਿਆਂ ਨੂੰ ਆਰਥਿਕ ਮਦਦ ਦੀ ਲੋੜ ਹੁੰਦੀ ਹੈ ਤਾਂ ਉਹ ਅਕਸਰ ਹੱਥ ਪਿੱਛੇ ਖਿੱਚ ਲੈਂਦੇ ਹਨ।
ਰਤਨਪਾਲ ਡੂਡੀਆਂ, ਲਹਿਰਾਗਾਗਾ (ਸੰਗਰੂਰ)
(2)
ਡਾ. ਹਜ਼ਾਰਾ ਸਿੰਘ ਚੀਮਾ ਦਾ ਮਿਡਲ ‘ਵੱਡੇ ਦਿਲ ਵਾਲੇ’ (2 ਅਗਸਤ) ਸਮਾਜ ਵਿਚ ਮਾਲਕ ਨੌਕਰ ਦੀ ਦਰਾੜ ਅਤੇ ਆਪਸੀ ਨੋਕ ਝੋਕ ਵੱਲ ਇਸ਼ਾਰਾ ਕਰਦਾ ਹੈ। ਲੇਖਕ ਨੇ ਕਰੋਨਾ ਕਾਲ ਦੌਰਾਨ ਹਜ਼ਾਰਾਂ ਹੀ ਮਜ਼ਦੂਰਾਂ ਦੇ ਦਰਦ ਬਾਰੇ ਜਾਣੂ ਕਰਵਾਇਆ, ਉੱਥੇ ਉਨ੍ਹਾਂ ਨੇ ਆਪਣੇ ਘਰ ਕੰਮ ਕਰਦੀ ਮਜ਼ਦੂਰ ਔਰਤ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਇਹ ਲੋਕ ਕਿਵੇਂ ਇਕ ਦੂਜੇ ਦੇ ਕੰਮ ਆਉਣ ਲਈ ਤੱਤਪਰ ਰਹਿੰਦੇ ਹਨ।
ਮਨਮੋਹਨ ਸਿੰਘ, ਨਾਭਾ
ਖੇਤ ਮਜ਼ਦੂਰੀ
ਰਾਮ ਸਵਰਨ ਲੱਖੇਵਾਲੀ ਦੇ ਲੇਖ ‘ਪਰਵਾਜ਼’ (30 ਜੁਲਾਈ) ’ਚ ਕਿਰਤੀਆਂ ਦੀ ਹੱਡ ਭੰਨਵੀਂ ਮਿਹਨਤ ਬਿਆਨ ਕੀਤੀ ਹੈ ਕਿ ਕਿਵੇਂ ਉਨ੍ਹਾਂ ਦਾ ਸਾਰਾ ਜੀਵਨ ਮਿੱਟੀ ਨਾਲ ਮਿੱਟੀ ਹੋ ਕੇ ਗੁਜ਼ਰ ਜਾਂਦਾ ਹੈ। ਆਜ਼ਾਦੀ ਦੇ 75 ਸਾਲ ਬੀਤਣ ’ਤੇ ਵੀ ਉਨ੍ਹਾਂ ਦੇ ਜੀਵਨ ’ਚ ਕੋਈ ਤਬਦੀਲੀ ਨਹੀਂ ਆਈ; ਹੁਣ ਤਾਂ ਤਰਾਸਦੀ ਇਹ ਹੈ ਕਿ ਮਜ਼ਦੂਰਾਂ ਦੇ ਧੀਆਂ ਪੁੱਤਰ ਡਿਗਰੀਆਂ ਪ੍ਰਾਪਤ ਕਰ ਕੇ ਵੀ ਖੇਤਾਂ ਵਿਚ ਮਜ਼ਦੂਰੀ ਕਰਨ ਲਈ ਮਜਬੂਰ ਹਨ।
ਪਰਮਿੰਦਰ ਸਿੰਘ ਖੋਖਰ, ਸ੍ਰੀ ਮੁਕਤਸਰ ਸਾਹਿਬ
ਨਿਆਰੀ ਪਛਾਣ
ਕਮਲਜੀਤ ਸਿੰਘ ਬਨਵੈਤ ਦਾ ਮਿਡਲ ਰੁਤਬਾ (29 ਜੁਲਾਈ) ਸੱਚਾਈ ਬਿਆਨਦਾ ਹੈ ਕਿ ਕੋਈ ਵੀ ਕੰਮ-ਕਾਰ (ਕਾਰਜ) ਵੱਡਾ-ਛੋਟਾ ਨਹੀਂ ਹੁੰਦਾ, ਇਨਸਾਨ ਜੇ ਦਿਲੋਂ ਮਿਹਨਤ ਕਰੇ ਤਾਂ ਹਰ ਖੇਤਰ ਵਿਚ ਵੱਖਰੀ ਤੇ ਨਿਵੇਕਲੀ ਪਛਾਣ ਕਾਇਮ ਕਰ ਸਕਦਾ ਹੈ। ਅਜਿਹਾ ਸ਼ਖ਼ਸ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਬਣਦਾ ਹੈ।
ਗੁਰਮੇਲ ਸਿੰਘ ਬਰਾੜ, ਨੇਹੀਆਂ ਵਾਲਾ (ਬਠਿੰਡਾ)
(2)
ਕਮਲਜੀਤ ਬਨਵੈਤ ਦਾ ‘ਰੁਤਬਾ’ (29 ਜੁਲਾਈ) ਪੜ੍ਹਿਆ। ਅੱਜ ਦੇ ਦੌਰ ਦੇ ਨੌਜਵਾਨ ਅਜਿਹੇ ਲੇਖਾਂ ਤੋਂ ਸਿੱਖਿਆ ਲੈ ਕੇ ਆਪਣੇ ਦੇਸ਼ ਵਿਚ ਹੀ ਵਧੀਆ ਕਾਰੋਬਾਰ ਕਰ ਸਕਦੇ ਹਨ। ਦੂਜੀ ਗੱਲ, ਰੁਤਬੇ ਦਾ ਮਹੱਤਵ ਦੱਸਿਆ ਗਿਆ ਕਿ ਕਿਵੇਂ ਮਨ ਦੀ ਅਵਸਥਾ ਸਮੇਂ ਅਨੁਸਾਰ ਬਦਲ ਜਾਂਦੀ ਹੈ।
ਰਣਜੀਤ ਕੌਰ, ਲੁਧਿਆਣਾ
ਬਜਟ ਹਿੱਲਿਆ
3 ਅਗਸਤ ਦਾ ਸੰਪਾਦਕੀ ‘ਮਹਿੰਗਾਈ ਦਾ ਮੁੱਦਾ’ ਤਾਜ਼ਾ ਹਾਲਾਤ ਬਿਆਨ ਕਰਦਾ ਹੈ। ਕੈਗ ਦੀ ਹਾਲੀਆ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਵੰਡੇ ਗਏ ਸਿਲੰਡਰ ਵਿਚੋਂ 60 ਫ਼ੀਸਦੀ ਤੋਂ ਵਧੇਰੇ ਸਿਲੰਡਰ ਔਰਤਾਂ ਵੱਲੋਂ ਵਰਤੋਂ ਵਿਚ ਨਹੀਂ ਲਿਆਂਦੇ ਜਾ ਰਹੇ ਕਿਉਂਕਿ ਗੈਸ ਸਿਲੰਡਰ ਦੀ ਕੀਮਤ 1000 ਰੁਪਏ ਤੋਂ ਪਾਰ ਹੋ ਚੁੱਕੀ ਹੈ। ਖਾਣ-ਪੀਣ ਵਾਲੀਆਂ ਸਾਰੀਆਂ ਵਸਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ, ਖਾਣ-ਪੀਣ ਵਾਲੀਆਂ ਵਸਤਾਂ, ਆਟਾ-ਦਾਲ, ਦੁੱਧ, ਲੱਸੀ, ਹੋਰ ਚੀਜ਼ਾਂ ’ਤੇ ਜੀਐੱਸਟੀ ਲਗਾਉਣ ਨਾਲ ਮੱਧਮ ਤੇ ਗ਼ਰੀਬ ਪਰਿਵਾਰਾਂ ਦੇ ਘਰ ਦਾ ਬਜਟ ਹਿੱਲ ਗਿਆ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ