ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਗਸਤ
ਭਾਜਪਾ ਦੇ ਮਹਿਲਾ ਵਿੰਗ ਵਲੋਂ ਸਰਕਾਰੀ ਰਣਬੀਰ ਕਾਲਜ ਵਿਚ ਮਨਾਏ ਜਾ ਰਹੇ ਤੀਆਂ ਦੇ ਤਿਉਹਾਰ ਦੀ ਭਿਣਕ ਪੈਂਦਿਆਂ ਹੀ ਕਿਸਾਨਾਂ ਵੱਲੋਂ ਕਾਲਜ ਅੱਗੇ ਪੁੱਜ ਕੇ ਵਿਰੋਧ ਕੀਤਾ ਗਿਆ ਅਤੇ ਕਾਲਜ ਦੇ ਗੇਟ ਅੱਗੇ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਨਸ਼ਕਾਰੀ ਕਿਸਾਨਾਂ ਨੇ ਭਾਜਪਾ ’ਤੇ ਤੀਆਂ ਦੇ ਤਿਉਹਾਰ ਦੇ ਨਾਮ ’ਤੇ ਰਾਜਨੀਤੀ ਕਰਨ ਅਤੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਦੋਸ਼ ਲਾਇਆ।
ਭਾਜਪਾ ਦੇ ਮਹਿਲਾ ਵਿੰਗ ਵੱਲੋਂ ਅੱਜ ਸਰਕਾਰੀ ਰਣਬੀਰ ਕਾਲਜ ਵਿਚ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਜਿਸ ਦਾ ਪਤਾ ਲੱਗਦਿਆਂ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਕਿਸਾਨ ਸ਼ਾਮ ਕਰੀਬ ਸਾਢੇ ਚਾਰ ਵਜੇ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਰਣਬੀਰ ਕਾਲਜ ਦੇ ਗੇਟ ਅੱਗੇ ਪੁੱਜ ਗਏ। ਪ੍ਰਸ਼ਾਸਨ ਵਲੋਂ ਮੌਕੇ ’ਤੇ ਵੱਡੀ ਤਾਦਾਦ ’ਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਅਤੇ ਰਣਬੀਰ ਕਾਲਜ ਦੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਗਿਆ। ਕਿਸਾਨਾਂ ਵਲੋਂ ਮੁੱਖ ਗੇਟ ਅੱਗੇ ਹੀ ਰੋਸ ਧਰਨਾ ਸ਼ੁਰੂ ਕਰਕੇ ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਜ਼ਿਲ੍ਹਾ ਆਗੂ ਜਸਦੀਪ ਸਿੰਘ ਬਹਾਦਰਪੁਰ ਅਤੇ ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਨੇ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਪਿਛਲੇ ਕਰੀਬ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ। ਕਿਸਾਨ ਅੰਦੋਲਨ ਦੌਰਾਨ 500 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰੰਤੂ ਭਾਜਪਾ ਜਾਣਬੁੱਝ ਕੇ ਅਜਿਹੇ ਪ੍ਰੋਗਰਾਮ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਅਤੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਭਾਜਪਾ ਦਾ ਵਿਰੋਧ ਜਾਰੀ ਰਹੇਗਾ।
ਪ੍ਰੋਗਰਾਮ ਖਤਮ ਹੋਣ ਮਗਰੋਂ ਹੀ ਕਿਸਾਨਾਂ ਨੇ ਸ਼ਾਮ ਸੱਤ ਵਜੇ ਧਰਨਾ ਖਤਮ ਕੀਤਾ। ਇਸ ਮੌਕੇ ਕਿਸਾਨ ਜਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਉਭਾਵਾਲ, ਮਨਦੀਪ ਸਿੰਘ, ਸੁਰਿੰਦਰ ਸਿੰਘ ਲਿੱਦੜਾਂ, ਭੋਲਾ ਸਿੰਘ, ਹਰਦੇਵ ਸਿੰਘ ਦੁਲਟ, ਮੱਘਰ ਸਿੰਘ ਉਭਾਵਾਲ, ਜੁਝਾਰ ਸਿੰਘ ਬਡਰੁੱਖਾਂ, ਚਮਕੌਰ ਸਿੰਘ ਬਹਾਦਰਪੁਰ ਸਮੇਤ ਅਨੇਕਾਂ ਕਿਸਾਨ ਅਤੇ ਕਿਸਾਨ ਬੀਬੀਆਂ ਵੀ ਸ਼ਾਮਲ ਸਨ। ਉਧਰ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਉਲ ਦਾ ਕਹਿਣਾ ਹੈ ਕਿ ਇਹ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਸੀ। ਭਾਜਪਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੀਨਾ ਖੋਖਰ ਦੀ ਅਗਵਾਈ ਹੇਠ ਧੀਆਂ-ਭੈਣਾਂ ਤੀਆਂ ਦਾ ਤਿਉਹਾਰ ਮਨਾ ਰਹੀਆਂ ਸੀ ਪਰੰਤੂ ਕੁੱਝ ਕਾਮਰੇਡ ਲੋਕ ਇਕੱਠੇ ਹੋ ਕੇ ਵਿਰੋਧ ਕਰਨ ਪੁੱਜੇ ਗਏ ਜੋ ਕਿ ਗਲਤ ਹੈ। ਇਸ ਤਰ੍ਹਾਂ ਮਸਲੇ ਹੱਲ ਨਹੀਂ ਹੋਣਗੇ। ਕੇਂਦਰ ਸਰਕਾਰ ਗੱਲਬਾਤ ਲਈ ਪ੍ਰਸਤਾਵ ਦੇ ਰਹੀ ਹੈ। ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਹੈ।