ਜੇ.ਬੀ. ਸੇਖੋਂ
ਗੜ੍ਹਸ਼ੰਕਰ, 5 ਅਗਸਤ
ਸਥਾਨਕ ਸ਼ਹਿਰ ਤੋਂ ਨੰਗਲ ਜਾਣ ਵਾਲੇ ਮੁੱਖ ਮਾਰਗ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਲੋਕਾਂ ਦੀਆਂ ਮੁਸ਼ਕਲਾਂ ਬਰਸਾਤ ਦੇ ਦਿਨਾਂ ਵਿੱਚ ਹੋਰ ਵਧ ਗਈਆਂ ਹਨ। ਇਸ ਸੜਕ ’ਤੇ ਪਏ ਖੱਡੇ ਅੱਜ-ਕੱਲ੍ਹ ਮੀਂਹ ਦੇ ਪਾਣੀ ਨਾਲ ਭਰੇ ਰਹਿੰਦੇ ਹਨ ਅਤੇ ਰਾਹਗੀਰਾਂ ਨੂੰ ਇੱਥੋਂ ਲੰਘਣ ਸਮੇਂ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲੇ ਇਸ ਮਾਰਗ ਪ੍ਰਤੀ ਸਰਕਾਰ ਦੀ ਬੇਧਿਆਨੀ ਰਹੀ ਹੈ ਜਿਸ ਦਾ ਖਮਿਆਜ਼ਾ ਇਲਾਕੇ ਦੇ ਲਗਭਗ ਪੰਜਾਹ ਪਿੰਡਾਂ ਦੇ ਵਸਨੀਕ ਭੁਗਤਦੇ ਹਨ। ਇਸ ਮਾਰਗ ਤੋਂ ਲੰਘ ਕੇ ਹਿਮਾਚਲ ਪ੍ਰਦੇਸ਼ ਦੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੇ ਯਾਤਰੀਆਂ ਦੀ ਵੀ ਬਹੁਤਾਤ ਹੁੰਦੀ ਹੈ। ਇਹ ਸੜਕ ਬੀਤ ਇਲਾਕੇ ਦੇ ਪੱਚੀ ਪਿੰਡਾਂ ਨੂੰ ਵੀ ਜਾਂਦੀ ਹੈ ਜਿਸ ਕਰਕੇ ਇੱਥੇ ਵੱਡੀ ਆਵਾਜਾਈ ਜੁੜੀ ਰਹਿੰਦੀ ਹੈ। ਇਸ ਵਾਰ ਬਰਸਾਤੀ ਮੌਸਮ ਨੇ ਇਸ ਸੜਕ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਹੈ ਅਤੇ ਹਰ ਸਮੇਂ ਸੜਕ ’ਤੇ ਮੀਂਹ ਦਾ ਪਾਣੀ ਜਮ੍ਹਾਂ ਰਹਿੰਦਾ ਹੈ ਜਿਸ ਨਾਲ ਲੋਕਾਂ ਦਾ ਲਾਂਘਾ ਮੁਸ਼ਕਲ ਬਣਿਆ ਹੋਇਆ ਹੈ। ਸੜਕ ਦੀ ਖਸਤਾ ਹਾਲਤ ਕਾਰਨ ਬੀਤ ਇਲਾਕੇ ਦੇ ਲੋਕਾਂ ਨੂੰ ਗੜ੍ਹਸ਼ੰਕਰ ਆਉਣ ਲਈ ਵੀਹ ਕਿਲੋਮੀਟਰ ਦਾ ਸਫਰ ਡੇਢ ਘੰਟੇ ਵਿੱਚ ਤੈਅ ਕਰਨਾ ਪੈਂਦਾ ਹੈ ਜਦਕਿ ਹਿਮਾਚਲ ਪ੍ਰਦੇਸ਼ ਜਾਣ ਵਾਲੇ ਯਾਤਰੀ ਨੇੜਲੇ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ ਅਕਸਰ ਭਟਕਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਸੜਕ ਦੀ ਖਸਤਾ ਹਾਲਤ ਸੁਧਾਰਨ ਦੀ ਮੰਗ ਲਈ ਇਲਾਕਾ ਵਾਸੀਆਂ ਵੱਲੋਂ ਦੋ ਵੱਡੇ ਧਰਨੇ ਵੀ ਦਿੱਤੇ ਗਏ ਪਰ ਪ੍ਰਸ਼ਾਸਨ ਵੱਲੋਂ ਸੜਕ ਦੇ ਨਵੀਨੀਕਰਨ ਦੇ ਦਿੱਤੇ ਭਰੋਸੇ ਵਫਾ ਨਹੀਂ ਹੋਏ।
ਇਸ ਬਾਰੇ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਰਵਾਇਤੀ ਪਾਰਟੀਆਂ ਵਾਲੇ ਲਾਰੇ ਲਾਏ ਹਨ ਅਤੇ ਇਲਾਕੇ ਦੀਆਂ ਲਿੰਕ ਸੜਕਾਂ ਨੂੰ ਸੁਧਾਰਨ ਸਬੰਧੀ ਕੋਈ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਸੜਕ ਦੇ ਨਵੀਨੀਕਰਨ ਸਬੰਧੀ ਕੋਈ ਠੋਸ ਕਦਮ ਨਾ ਉਠਾਏ ਗਏ ਤਾਂ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਆਵਾਜਾਈ ਠੱਪ ਕੀਤੀ ਜਾਵੇਗੀ। ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਬਲਿੰਦਰ ਕੁਮਾਰ ਨੇ ਕਿਹਾ ਕਿ ਸੜਕ ਦੇ ਨਵੀਨੀਕਰਨ ਲਈ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ ਅਤੇ ਇਸ ਸਬੰਧੀ ਜਲਦ ਕਾਰਵਾਈ ਹੋਵੇਗੀ।