ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 13 ਜੁਲਾਈ
ਪਿੰਡ ਨਵਾਂ ਗਾਉਂ ਵਿੱਚ ਗਲੀਆਂ-ਨਾਲੀਆਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿੰਡ ਵਿੱਚ ਲੋਕ ਮੁੱਢਲੀਆਂ ਸੁੱਖ ਸਹੂਲਤਾਂ ਨਾ ਮਿਲਣ ਕਰਕੇ ਉਹ ਪ੍ਰਸ਼ਾਸਨ ਦੀ ਕਥਿਤ ਮਾੜੀ ਕਾਰਗੁਜਾਰੀ ਨੂੰ ਕੋਸਦੇ ਰਹਿੰਦੇ ਹਨ। ਗਰਮੀ ਦੇ ਮੌਸਮ ਦੌਰਾਨ ਮਾਨਸੂਨ ਦੀ ਅੱਜ ਸਵੇਰੇ ਹੋਈ ਦੂਜੀ ਵਾਰ ਭਾਰੀ ਬਾਰਸ਼ ਹੋਣ ਕਰਕੇ ਗੰਦਾ ਪਾਣੀ ਗਲੀਆਂ/ਨਾਲੀਆਂ ਦਾ ਇਕੱਠਾ ਹੋ ਕੇ ਨਗਰ ਕੌਂਸਲ ਦੇ ਦਫ਼ਤਰ, ਸਿਵਲ ਪਸ਼ੂ ਡਿਸਪੈਂਸਰੀ ਸਮੇਤ ਲੋਕਾਂ ਦੇ ਘਰਾਂ ’ਚ ਵੜ ਗਿਆ ਹੈ। ਸੜਕਾਂ, ਗਲੀਆਂ ਦੀ ਮਾੜੀ ਹਾਲਤ ਹੋ ਗਈ ਹੈ। ਗੰਦੇ ਪਾਣੀ ਤੋਂ ਸੜਾਂਦ ਮਾਰ ਰਹੀ ਹੈ। ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਡਰ ਬਣ ਗਿਆ ਹੈ। ਲੋਕਾਂ ਅਨੁਸਾਰ ਵੋਟਾਂ ਵੇਲੇ ਆਉਂਦੇ ਸਿਆਸੀ ਲੋਕ ਪਿੰਡ ਦਾ ਸਰਬਪੱਖੀ ਵਿਕਾਸ ਕਰਵਾਉਣ ਦੇ ਫੋਕੇ ਲਾਰੇ ਅਤੇ ਵਾਅਦੇ ਕਰਕੇ ਆਪਣਾ ਉੱਲੂ ਸਿੱਧਾ ਕਰਕੇ ਤੁਰ ਜਾਂਦੇ ਹਨ। ਫਿਰ ਵੋਟਾਂ ਪੈਣ ਮਗਰੋਂ ਮੁੜ ਕੇ ਮੂੰਹ ਨਹੀਂ ਦਿਖਾਉਂਦੇ।
ਮਨਜੀਤ ਸਿੰਘ ਕੰਬੋਜ, ਗੁਰਵਿੰਦਰ ਸਿੰਘ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਨਗਰ ਕੌਂਸਲ ਨਵਾਂ ਗਾਉਂ ਨੂੰ ਹੁਕਮ ਜਾਰੀ ਕੀਤੇ ਜਾਣ ਕਿ ਗਲੀਆਂ-ਨਾਲੀਆਂ ਦੇ ਪਾਣੀ ਦੀ ਸਹੀ ਨਿਕਾਸੀ ਕਰਵਾ ਕੇ ਥਾਂ ਥਾਂ ਫੈਲੇ ਕੂੜਾ ਕਰਕਟ ਦੀ ਸਫ਼ਾਈ ਪਹਿਲ ਦੇ ਆਧਾਰ ਉਤੇ ਕਰਵਾਈ ਜਾਵੇ।