ਗੁਰਿੰਦਰ ਸਿੰਘ
ਲੁਧਿਆਣਾ, 26 ਅਕਤੂਬਰ
ਥਾਣਾ ਡਿਵੀਜਨ ਨੰਬਰ-2 ਦੀ ਪੁਲੀਸ ਨੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਤਹਿਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ. ਚਰਨਕਮਲ ਨੇ ਦੱਸਿਆ ਹੈ ਕਿ ਉਹ ਬਤੌਰ ਨੋਡਲ ਅਫਸਰ ਸਿਵਲ ਹਸਪਤਾਲ ਐਮਰਜੈਂਸੀ ਵਿੱਚ ਡਿਊਟੀ ’ਤੇ ਮੌਜੂਦ ਸੀ ਤਾਂ ਸੋਹਣ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ, ਰਾਜਵੀਰ ਸਿੰਘ ਵਾਸੀ ਪਿੰਡ ਚੀਮਾ (ਜਗਰਾਉਂ) ਅਤੇ ਸੰਦੀਪ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਰਾਤ 12 ਵਜੇ ਦੇ ਕਰੀਬ ਆਪਸ ਵਿੱਚ ਲੜਾਈ ਝਗੜਾ ਕਰਕੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਵਿੱਚ ਆਏ ਸੀ। ਇਸ ਦੌਰਾਨ ਐਮਰਜੈਂਸੀ ਵਿੱਚ ਡਿਊਟੀ ’ਤੇ ਤਾਇਨਾਤ ਸਕਿਉਰਿਟੀ ਗਾਰਡ ਬਲਜਿੰਦਰ ਸਿੰਘ ਨਾਲ ਉਨ੍ਹਾਂ ਧੱਕਾਮੁੱਕੀ ਕੀਤੀ ਅਤੇ ਜ਼ਬਰਦਸਤੀ ਡਾਕਟਰ ਦੇ ਕਮਰੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਮੁਲਜ਼ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਨਸ਼ੇ ਦੀ ਹਾਲਤ ਵਿੱਚ ਹੋਣ ਕਰਕੇ ਉਸ ਦੇ ਗਲ ਪੈ ਗਏ ਤੇ ਕਮੀਜ਼ ਦੇ ਬਟਨ ਤੋੜ ਦਿੱਤੇ। ਰਾਜਵੀਰ ਸਿੰਘ ਨੇ ਉਸ ਦੇ ਖੱਬੇ ਹੱਥ ’ਤੇ ਦੰਦੀ ਵੱਢ ਕੇ ਖੂਨ ਕੱਢ ਦਿੱਤਾ। ਜਦੋਂ ਉਹ ਆਪਣਾ ਬਚਾਅ ਕਰਨ ਲਈ ਦਫ਼ਤਰ ਗਿਆ ਤਾਂ ਮੁਲਜ਼ਮਾਂ ਨੇ ਦਫ਼ਤਰ ਅੰਦਰ ਆ ਕੇ ਮੇਜ਼ ’ਤੇ ਰੱਖਿਆ ਹੋਇਆ ਸ਼ੀਸ਼ਾ ਤੋੜ ਦਿੱਤਾ ਅਤੇ ਉਸ ਦੀ ਡਿਊਟੀ ਵਿੱਚ ਵਿਘਨ ਪਾਉਂਦਿਆਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।