ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 29 ਅਕਤੁਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਦਿਨ ਰਾਤ ਰੇਲ ਰੋਕੋ ਮੋਰਚੇ ਨੇ ਅੱਜ ਆਪਣਾ 29ਵਾਂ ਦਿਨ ਪੂਰਾ ਕਰ ਲਿਆ ਹੈ। ਅੱਜ ਦੇ ਮੋਰਚੇ ਵਿੱਚ ਔਰਤਾਂ ਬਜ਼ੁਰਗਾਂ ਨੌਜਵਾਨਾਂ ਦੇ ਨਾਲ ਨਾਲ ਬੱਚੇ ਵੀ ਹਾਜ਼ਰ ਹੋਏ। ਆਗੂਆਂ ਦੇ ਸੰਬੋਧਨ ਕਰਨ ਦੇ ਨਾਲ ਨਾਲ ਇਨਕਲਾਬੀ ਗੀਤ ਵੀ ਗੂੰਜਦੇ ਰਹੇ। ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਚਾਰ ਸਕੱਤਰ ਰਣਜੀਤ ਸਿੰਘ ਮੰਡੀ ਕਲਾਂ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਖ਼ਿਲਾਫ਼ ਜੋ ਵੱਖ ਵੱਖ ਪਾਬੰਦੀਆਂ ਲਾਉਣ ਦਾ ਮੋਰਚਾ ਖੋਲ੍ਹਿਆ ਹੈ, ਉਹ ਉਨ੍ਹਾਂ ਦੀ ਜਾਬਰ ਨੀਤੀ ਨੂੰ ਨੰਗਾ ਕਰਦਾ ਹੈ ਤੇ ਫੈਡਰਲ ਢਾਂਚੇ ਨੂੰ ਖਤਮ ਕਰਨ ਦੀ ਕੋਝੀ ਨੀਤੀ ਤਹਿਤ ਕੀਤਾ ਗਿਆ ਹੈ। ਇਸ ਮੋਰਚੇ ’ਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ।
ਬੁਢਲਾਡਾ (ਐੱਨਪੀ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਸੰਘਰਸ਼ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਿੰਡਾਂ ’ਚੋਂ ਆਏ ਨੌਜਵਾਨਾਂ ਨੇ ਕਾਫ਼ਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਕੇ ਤਿੱਖੀ ਨਾਅਰੇਬਾਜ਼ੀ ਕੀਤੀ। ਆਲ ਇੰਡੀਆ ਕਿਸਾਨ ਸਭਾ ਦੇ ਆਗੂ ਸਵਰਨਜੀਤ ਸਿੰਘ ਦਲਿਓ, ਕਿਸਾਨ ਯੂਨੀਅਨ ਡਕੌਂਦਾ ਦੇ ਸਤਪਾਲ ਬਰ੍ਹੇ, ਕਿਸਾਨ ਯੂਨੀਅਨ ਲੱਖੋਵਾਲ ਦੇ ਜਸਕਰਨ ਸਿੰਘ ਸ਼ੇਰਖਾਂ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਿੰਘ ਗੁਰਨੇਕਲਾਂ ਨੇ ਸੰਬੋਧਨ ਕੀਤਾ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਅੱਜ ਦੇ ਧਰਨੇ ਨੂੰ ਕਈ ਔਰਤਾਂ ਵੱਲੋਂ ਸੰਬੋਧਨ ਕੀਤਾ ਗਿਆ। ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਵੀ ਧਰਨਾ ਲਗਾਤਾਰ ਜਾਰੀ ਹੈ।
ਜੈਤੋ (ਸ਼ਗਨ ਕਟਾਰੀਆ): ਜੈਤੋ ਦੀਆਂ ਛੇ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਿਲਾਇੰਸ ਪੈਟਰੋਲ ਪੰਪ ਜੈਤੋ ਦਾ ਘਿਰਾਓ ਅੱਜ ਵੀ ਜਾਰੀ ਰਿਹਾ।
ਪੰਜ ਨਵੰਬਰ ਦੇ ਜਾਮ ਦੀ ਤਿਆਰੀ ਵਿੱਚ ਜੁਟੇ ਕਿਸਾਨ
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਰਿਲਾਇੰਸ ਪੰਪ ਅੱਗੇ 29 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਮੋਰਚਾ ਜਾਰੀ ਹੈ। ਇਸ ਮੌਕੇ ਆਗੂ ਬਲਜੀਤ ਕੌਰ, ਸੁਖਪ੍ਰੀਤ ਕੌਰ, ਪਾਲ ਕੌਰ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਜਗਜੀਤ ਸਿੰਘ ਲਹਿਰਾ, ਰਾਮਪਾਲ ਸਿੰਘ, ਤੇਜਾ ਸਿੰਘ, ਲਖਵੀਰ ਸਿੰਘ, ਕਰਮਜੀਤ ਸਿੰਘ, ਗੁਰਦਾਸ ਸਿੰਘ, ਬੇਅੰਤ ਸਿੰਘ ਅਤੇ ਚਰਨਾ ਸਿੰਘ ਆਦਿ ਨੇ ਕਿਹਾ ਕਿ 5 ਨਵੰਬਰ ਨੂੰ ਦੇਸ਼ ਵਿੱਚ ਚੱਕਾ ਜਾਮ ਕੀਤਾ ਜਾਵੇਗਾ, ਜਿਸ ਸਬੰਧੀ ਤਿਆਰੀ ਜ਼ੋਰਾਂ ’ਤੇ ਚੱਲ ਰਹੀ ਹੈ।
ਰਿਲਾਇਸ ਪੰਪ ਭਗਤਾ ਅੱਗੇ ਧਰਨਾ ਜਾਰੀ
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਰਿਲਾਇਸ ਪੰਪ ਭਗਤਾ ਭਾਈ ਅੱਗੇ ਲਗਾਇਆ ਦਿਨ-ਰਾਤ ਦਾ ਧਰਨਾ ਅੱਜ 19ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਬੀਕੇਯੂ (ਕ੍ਰਾਂਤੀਕਾਰੀ) ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਸ਼ੋਤਮ ਮਹਿਰਾਜ ਤੇੇ ਹੋਰ ਆਗੂਆਂ ਨੇ ਕਿਹਾ ਕਿ ਕਿਸਾਨ ਵੱਲੋਂ ਲਗਾਏ ਮੋਰਚੇ ਦੇ ਦਬਾਅ ਸਦਕਾ ਕੇਂਦਰ ਸਰਕਾਰ ਨੂੰ ਪੰਜਾਬ ਵਿਚ ਮਾਲ ਗੱਡੀਆਂ ਦੁਬਾਰਾ ਚਲਾਉਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਕੇਂਦਰ ਸਰਕਾਰ ਨੂੰ ਖੇਤੀਬਾੜੀ ਵਿਰੋਧੀ ਕਾਲੇ ਕਾਨੂੰਨ ਵੀ ਵਾਪਸ ਲੈਣੇ ਪੈਣਗੇ।