ਨਵੀਂ ਦਿੱਲੀ, 9 ਮਾਰਚ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਿਖਰਲੇ ਪੱਧਰ ’ਤੇ ਪੁੱਜੀਆਂ ਤੇਲ ਕੀਮਤਾਂ ਦੇ ਮਾਮਲੇ ’ਚ ਕੇਂਦਰ ਸਰਕਾਰ ’ਤੇ ਅੱਜ ਸੱਜਰਾ ਹੱਲਾ ਬੋਲਦਿਆਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਤੋਂ ਵੱਧ ਮਾਲੀਆ ਇਕੱਤਰ ਕਰਨ ਬਾਰੇ ਸਰਕਾਰ ਦਾ ਸੱਚ ਚਿੱਟੇ ਦਿਨ ਵਾਂਗ ਸਾਫ਼ ਹੈ। ਰਾਹੁਲ ਨੇ ਹਿੰਦੀ ’ਚ ਕੀਤੇ ਟਵੀਟ ’ਚ ਕਿਹਾ, ‘ਆਮ ਲੋਕਾਂ ਤੋਂ ਰਸੋਈ ਗੈਸ-ਪੈਟਰੋਲ-ਡੀਜ਼ਲ ’ਤੇ ਅੰਨ੍ਹੇਵਾਹ ਟੈਕਸ ਇਕੱਤਰ ਕਰਕੇ, ਕੇਂਦਰ ਸਰਕਾਰ ਆਪਣੇ ‘ਦੋਸਤਾਂ’ ਦੇ ਟੈਕਸਾਂ ਤੇ ਕਰਜ਼ਿਆਂ ’ਤੇ ਹੀ ਲੀਕ ਮਾਰ ਰਹੀ ਹੈ। ਸੱਚ ਬਿਲਕੁਲ ਸਾਫ਼ ਹੈ।’ ਕਾਂਗਰਸ ਆਗੂ ਨੇ ਟਵੀਟ ਨਾਲ ਇਕ ਖ਼ਬਰ ਦਾ ਵੀ ਹਵਾਲਾ ਦਿੱਤਾ ਹੈ, ਜਿਸ ਵਿੱਚ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਸੰਸਦ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਕਹਿ ਰਹੇ ਹਨ ਕਿ ਪਿਛਲੇ ਸੱਤ ਸਾਲਾਂ ਵਿੱਚ ਰਸੋਈ ਗੈਸ ਦੇ ਭਾਅ ਦੁੱਗਣੇ ਹੋ ਗਏ ਹਨ ਅਤੇ ਇਸੇ ਅਰਸੇ ਦੌਰਾਨ ਪੈਟਰੋਲ ਤੇ ਡੀਜ਼ਲ ਤੋਂ ਟੈਕਸਾਂ ਦੇ ਰੂਪ ਵਿੱਚ ਹੋਣ ਵਾਲੀ ਕਮਾਈ ’ਚ 459 ਫੀਸਦ ਦਾ ਇਜ਼ਾਫ਼ਾ ਹੋਇਆ ਹੈ।
-ਪੀਟੀਆਈ