ਧਰਮਸ਼ਾਲਾ/ਸ਼ਿਮਲਾ: ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਵਿੱਚ ਲੰਘੇ ਦਿਨ ਬੱਦਲ ਫਟਣ ਕਰਕੇ ਆਏ ਸੈਲਾਬ ਮਗਰੋਂ ਬੋਹ ਵਾਦੀ ਵਿੱਚ ਢਿੱਗਾਂ ਡਿੱਗਣ ਕਰਕੇ ਲਾਪਤਾ ਹੋਏ 10 ਵਿਅਕਤੀਆਂ ਨੂੰ ਅਥਾਰਿਟੀਜ਼ ਨੇ ਮ੍ਰਿਤਕ ਐਲਾਨ ਦਿੱਤਾ ਹੈ। ਪਹਾੜੀ ਰਾਜ ਵਿੱਚ ਆਈ ਕੁਦਰਤੀ ਆਫ਼ਤ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਇਕ ਲਾਸ਼ ਸੋਮਵਾਰ ਨੂੰ ਮਲਬੇ ਹੇਠੋਂ ਬਰਾਮਦ ਹੋ ਗਈ ਸੀ ਜਦੋਂਕਿ 10 ਵਿਅਕਤੀ ਅਜੇ ਵੀ ਲਾਪਤਾ ਸਨ। ਸੈਲਾਬ ਦੀ ਜ਼ੱਦ ਵਿੱਚ ਆ ਕੇ ਨੁਕਸਾਨੇ ਗਏ ਪੰਜ ਘਰਾਂ ਦੇ ਮਲਬੇ ’ਚੋਂ ਗੁੰਮਸ਼ੁਦਾ ਦੀ ਭਾਲ ਲਈ ਰਾਹਤ ਕਾਰਜ ਸੋਮਵਾਰ ਸਵੇਰ ਤੋਂ ਜਾਰੀ ਹਨ। ਕੌਮੀ ਆਫ਼ਤ ਰਿਸਪੌਂਸ ਫੋਰਸ (ਐੱਨਆਰਡੀਐੱਫ) ਦੀਆਂ ਟੀਮਾਂ ਨੇ ਅੱਠ ਘੰਟੇ ਦੇ ਅਪਰੇਸ਼ਨ ਮਗਰੋਂ ਸੱਤ ਲੋਕਾਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕ ਹੈ ਕਿ ਸ਼ਾਹਪੁਰ ਸਬ-ਡਿਵੀਜ਼ਨ ਦੀ ਬੋਹ ਪੰਚਾਇਤ ਅਧੀਨ ਆਉਂਦੇ ਰੁਲੇਹਾਰ ਪਿੰਡ ਵਿੱਚ 10 ਵਿਅਕਤੀ, ਜਿਨ੍ਹਾਂ ਵਿੱਚ ਚਾਰ ਔਰਤਾਂ ਹਨ, ਅਜੇ ਵੀ ਗਾਰ ਹੇਠ ਦੱਬੇ ਹੋ ਸਕਦੇ ਹਨ ਤੇ ਇਨ੍ਹਾਂ ਦੇ ਜਿਊਂਦੇ ਹੋਣ ਦੀ ਸੰਭਾਵਨਾ ਨਾਂਮਾਤਰ ਹੈ।
ਇਸ ਦੌਰਾਨ ਅੱਜ ਸਵੇਰੇ ਧੁੱਪ ਨਿਕਲਣ ਨਾਲ ਧਰਮਸ਼ਾਲਾ ਦੇ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਨਦੀਆਂ ਨਾਲਿਆਂ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ ਤੇ ਆਪਣੇ ਘਰ ਬਾਹਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਗਏ ਲੋਕ ਪਰਤਣ ਲੱਗੇ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਬੱਦਲ ਫਟਣ ਕਰਕੇ ਹੋਈ ਜਾਨੀ ਮਾਲੀ ਨੁਕਸਾਨ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਢਿੱਗਾਂ ਡਿੱਗਣ ਮਗਰੋਂ ਪਠਾਨਕੋਟ-ਜੋਗਿੰਦਰਨਗਰ ਰੇਲ ਲਾਈਨ ’ਤੇ ਆਵਾਜਾਈ ਨੂੰ ਕੁਝ ਦੇਰ ਲਈ ਰੋਕਣਾ ਪਿਆ। ਢਿੱਗਾਂ ਡਿੱਗਣ ਕਰਕੇ ਸੜਕੀ ਆਵਾਜਾਈ ਵੀ ਅਸਰਅੰਦਾਜ਼ ਹੋਈ ਹੈ। ਤਿੰਨ ਕੌਮੀ ਸ਼ਾਹਰਾਹਾਂ ਸਮੇਤ 184 ਦੇ ਕਰੀਬ ਸੜਕਾਂ ’ਤੇ ਆਵਾਜਾਈ ਬੰਦ ਰਹੀ ਹੈ। ਸ਼ਿਮਲਾ ਜ਼ਿਲ੍ਹੇ ਵਿੱਚ ਝਾਖੜੀ ਕੋਲ ਕੌਮੀ ਸ਼ਾਹਰਾਹ 5 ਵੀ ਬੰਦ ਸੀ। ਮੌਸਮ ਵਿਭਾਗ ਨੇ ਕਾਂਗੜਾ, ਹਮੀਰਪੁਰ, ਮੰਡੀ, ਬਿਲਾਸਪੁਰ, ਸ਼ਿਮਲਾ, ਸਿਰਮੌਰ ਤੇ ਸੋਲਨ ਜ਼ਿਲ੍ਹਿਆਂ ’ਚ ਅਗਲੇ 24 ਘੰਟਿਆਂ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪੌਲ ਨੇ ਕਿਹਾ ਕਿ ਭਾਰੀ ਮੀਂਹ ਕਰਕੇ ਨੀਵੇਂ ਇਲਾਕਿਆਂ ’ਚ ਪਾਣੀ ਭਰਨ, ਢਿੱਗਾਂ ਡਿੱਗਣ ਤੇ ਨਦੀਆਂ ਨਾਲਿਆਂ ’ਚ ਪਾਣੀ ਦਾ ਵਹਾਅ ਵਧਣ ਦਾ ਖ਼ਤਰਾ ਹੋ ਸਕਦਾ ਹੈ। -ਆਈਏਐੱਨਐੱਸ