ਜਸਵੰਤ ਜੱਸ
ਫਰੀਦਕੋਟ, 31 ਮਈ
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਵਾਪਰੇ ਬੇਅਦਬੀ ਕਾਂਡ ਦੀ ਸੱਚਾਈ ਛੇ ਸਾਲ ਬਾਅਦ ਵੀ ਸਾਹਮਣੇ ਨਹੀਂ ਆਈ। ਦੋ ਜਾਂਚ ਕਮਿਸ਼ਨ, ਸੀਬੀਆਈ ਅਤੇ ਦੋ ਵਿਸ਼ੇਸ਼ ਜਾਂਚ ਟੀਮਾਂ ਇਸ ਕਾਂਡ ਦੀ ਵੱਖ ਵੱਖ ਸਮੇਂ ਪੜਤਾਲ ਕਰ ਚੁੱਕੀਆਂ ਹਨ ਪਰ ਕਿਸੇ ਵੀ ਜਾਂਚ ਟੀਮ ਦੇ ਹੱਥ ਘਟਨਾ ਬਾਰੇ ਕੋਈ ਸਬੂਤ ਨਹੀਂ ਲੱਗਾ।
ਦੱਸਣਯੋਗ ਹੈ ਕਿ ਪਹਿਲੀ ਜੂਨ, 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਸੀ ਅਤੇ 12 ਅਕਤੂਬਰ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾੜੇ ਗਏ ਪੰਨੇ ਪਿੰਡ ਦੀਆਂ ਗਲੀਆਂ ਵਿੱਚੋਂ ਮਿਲੇ ਸਨ, ਜਿਸ ਮਗਰੋਂ ਕੋਟਕਪੂਰਾ ਅਤੇ ਬਹਬਿਲ ਗੋਲੀ ਕਾਂਡ ਵਾਪਰਿਆ ਸੀ। ਅਕਾਲੀ ਦਲ ਨੇ ਅਕਤੂਬਰ, 2015 ਵਿੱਚ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਸੀ ਪਰ ਸੀਬੀਆਈ ਨੇ ਦੋ ਸਾਲ ਦੀ ਪੜਤਾਲ ਬਾਅਦ ਖੁਲਾਸਾ ਕੀਤਾ ਕਿ ਬੇਅਦਬੀ ਕਾਂਡ ਦਾ ਕੋਈ ਵੀ ਸਬੂਤ ਜਾਂ ਗਵਾਹ ਮੌਜੂਦ ਨਹੀਂ ਹੈ, ਇਸ ਲਈ ਕੇਸਾਂ ਨੂੰ ਬੰਦ ਕੀਤਾ ਜਾਵੇ। ਮਗਰੋਂ ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿੱਚ ਮਤਾ ਪਾਸ ਕਰ ਕੇ ਬੇਅਦਬੀ ਕਾਂਡ ਦੇ ਕੇਸ ਵਿਸ਼ੇਸ਼ ਜਾਂਚ ਟੀਮ ਹਵਾਲੇ ਕਰ ਦਿੱਤੇ ਸਨ। ਮਾਮਲੇ ਦੀ ਪੜਤਾਲ ਜਸਟਿਸ ਜੋਰਾ ਸਿੰਘ, ਜਸਟਿਸ ਰਣਜੀਤ ਸਿੰਘ, ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਰਣਬੀਰ ਸਿੰਘ ਖੱਟੜਾ ਤੇ ਹੁਣ ਆਈਜੀ ਸੁਰਿੰਦਰ ਪਾਲ ਸਿੰਘ ਪਰਮਾਰ ਕਰ ਰਹੇ ਹਨ। ਹਾਲਾਂਕਿ ਜਾਂਚ ਟੀਮ ਨੇ ਬੇਅਦਬੀ ਕਾਂਡ ਵਿੱਚ ਹੁਣ ਤੱਕ ਛੇ ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਮੁੱਖ ਸਾਜ਼ਿਸ਼ਕਾਰ ਵਜੋਂ ਸ਼ਾਮਿਲ ਕੀਤਾ ਹੈ ਪਰ ਕੋਈ ਵੀ ਜਾਂਚ ਟੀਮ ਡੇਰਾ ਮੁਖੀ ਤੋਂ ਪੁੱਛ-ਪੜਤਾਲ ਨਹੀਂ ਕਰ ਸਕੀ।
ਪੰਥਕ ਧਿਰਾਂ ਵੱਲੋਂ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਸਮਾਗਮ ਅੱਜ
ਬੇਅਦਬੀ ਕਾਂਡ ਦੇ ਛੇ ਸਾਲ ਪੂਰੇ ਹੋਣ ਮਗਰੋਂ ਪੰਥਕ ਧਿਰਾਂ ਅੱਜ ਬਰਗਾੜੀ ਅਤੇ ਬਹਬਿਲ ਵਿੱਚ ਇਕੱਠੀਆਂ ਹੋਣਗੀਆਂ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚ ਅਰਦਾਸ ਕੀਤੀ ਜਾਵੇਗੀ, ਜਿਸ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਬੀਰਦਵਿੰਦਰ ਸਿੰਘ ਅਤੇ ਨਿਧੜਕ ਸਿੰਘ ਬਰਾੜ ਸਮੇਤ ਹੋਰ ਸੂਬਾਈ ਆਗੂਆਂ ਦੇ ਪਹੁੰਚਣ ਦੀ ਉਮੀਦ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੀ ਪਾਰਟੀ ਵੀ ਬਰਗਾੜੀ ਵਿੱਚ ਸਮਾਗਮ ਕਰੇਗੀ।
ਸਮੁੱਚੀ ਸਿੱਖ ਕੌਮ ਅੱਜ ਬਰਗਾੜੀ ਪੁੱਜੇ: ਮਾਨ
ਫ਼ਤਹਿਗੜ੍ਹ ਸਾਹਿਬ (ਅਜੇ ਮਲਹੋਤਰਾ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਜਥੇਬੰਦੀਆਂ, ਸ਼ਖ਼ਸ਼ੀਅਤਾਂ, ਆਗੂਆਂ, ਕਿਸਾਨ ਯੂਨੀਅਨਾਂ, ਟਰਾਂਸਪੋਰਟ ਯੂਨੀਅਨਾਂ, ਆੜ੍ਹਤੀ ਯੂਨੀਅਨਾਂ, ਮਜ਼ਦੂਰਾਂ ਆਦਿ ਨੂੰ ਭਲਕੇ ਪਹਿਲੀ ਜੂਨ ਨੂੰ ਬਰਗਾੜੀ ਵਿੱਚ ਹੋਣ ਵਾਲੀ ਅਰਦਾਸ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।