ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਸਨਅਤੀ ਸ਼ਹਿਰ ਵਿੱਚ ਮੰਗਲਵਾਰ ਨੂੰ ਪੂਰਾ ਦਿਨ ਅਸਮਾਨ ਤੋਂ ਅੱਗ ਵਰ੍ਹਦੀ ਰਹੀ, ਪੂਰਾ ਦਿਨ ਲੋਕ ਪ੍ਰੇਸ਼ਾਨ ਰਹੇ। ਪਰ ਸ਼ਾਮ ਹੁੰਦੇ ਹੀ ਚੱਲੀਆਂ ਠੰਢੀਆਂ ਹਵਾਵਾਂ ਨੇ ਮੌਸਮ ਸੁਹਾਵਣਾ ਕਰ ਦਿੱਤਾ। ਸ਼ਾਮ ਨੂੰ ਹਵਾ ਚੱਲਣ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਦੇਖ ਕੇ ਤਾਂ ਲਗਦਾ ਸੀ ਕਿ ਸ਼ਹਿਰ ਵਿੱਚ ਮੀਂਹ ਪਵੇਗਾ ਪਰ ਰਾਤ ਤੱਕ ਮੀਂਹ ਤਾਂ ਨਾ ਪਿਆ। ਹਵਾ ਚੱਲਣ ਕਾਰਨ ਲੋਕਾਂ ਨੂੰ ਕੁੱਝ ਰਾਹਤ ਤਾਂ ਜਰੂਰ ਮਿਲੀ। ਮੌਸਮ ਵਿਭਾਗ ਦੀ ਮੰਨੀਏ ਤਾਂ ਮੰਗਲਵਾਰ ਨੂੰ ਵੱਧ ਤੋਂ ਵੱਧ ਪਾਰਾ 38 ਡਿਗਰੀ ਤੱਕ ਰਿਹਾ, ਜਦਕਿ ਘੱਟੋ ਘੱਟ ਪਾਰਾ 28 ਡਿਗਰੀ ਰਿਕਾਰਡ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਪਰੈਲ ਮਹੀਨੇ ਤੋਂ ਹੀ ਲਗਾਤਾਰ ਸਨਅਤੀ ਸ਼ਹਿਰ ਵਿੱਚ ਗਰਮੀ ਆਪਣੇ ਸਿਖਰਾਂ ’ਤੇ ਹੈ। ਅਸਮਾਨ ਤੋਂ ਵਰ੍ਹਦੀ ਅੱਗ ਨੇ ਲੋਕਾਂ ਨੂੰ ਪ੍ਰੇਸ਼ਾਨ ਕਰ ਕੀਤਾ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਲੂ ਚੱਲ ਰਹੀ ਹੈ। ਦਿਨ ਵੇਲੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਸਾਰੇ ਰਿਕਾਰਡ ਤੋੜਦੇ ਹੋਏ ਪਾਰਾ 43 ਡਿਗਰੀ ਤੋਂ ਵੀ ਪਾਰ ਹੋ ਚੁੱਕਿਆ ਸੀ ਪਰ ਮੰਗਲਵਾਰ ਨੂੰ ਸ਼ਾਮ ਵੇਲੇ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਕੁੱਝ ਰਾਹਤ ਮਹਿਸੂਸ ਹੋਈ। ਤਾਪਮਾਨ ਵੀ ਪਿਛਲੇ ਦਿਨਾਂ ਦੇ ਮੁਕਾਬਲਾ ਘੱਟ ਰਿਹਾ। ਮੌਮਸ ਵਿਭਾਗ ਦੇ ਵਿਗਿਆਨੀ ਮੁਤਾਬਕ ਬੁੱਧਵਾਰ ਨੂੰ ਲੁਧਿਆਣਾ ਵਿੱਚ ਮੀਂਹ ਪੈਣ ਦੇ ਆਸਾਰ ਹਨ, ਆਉਣ ਵਾਲੇ ਇੱਕ ਦੋ ਦਿਨ ਪਾਰਾ ਵੀ ਘੱਟ ਹੀ ਰਹੇਗਾ।