ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਮਈ
ਇੱਥੇ ਮਾਪਿਆਂ ਨੇ ਇਸਲਾਮ ਗੰਜ ਸਥਿਤ ਝੋਲਾਛਾਪ ਡਾਕਟਰ ’ਤੇ ਲਾਪ੍ਰਵਾਹੀ ਕਾਰਨ ਉਨ੍ਹਾਂ ਦੀ ਢਾਈ ਸਾਲਾਂ ਦੀ ਬੱਚੀ ਦੀ ਜਾਨ ਲੈਣ ਦੇ ਦੋਸ਼ ਲਾਏ ਹਨ। ਪੀੜਤ ਪਰਿਵਾਰ ਨੇ ਡਾਕਟਰ ਦੇ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ। ਇਸ ਤੋਂ ਬਾਅਦ ਪੁਲੀਸ ਨੇ ਡਾਕਟਰਾਂ ਦੇ ਪੈਨਲ ਰਾਹੀਂ ਇਸ ਮਾਮਲੇ ਦੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸਲਾਮਗੰਜ ਵਾਸੀ ਪੀੜਤ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਉਹ ਡਰਾਈਵਰੀ ਕਰਦਾ ਹੈ, ਉਸ ਦੀ ਢਾਈ ਸਾਲ ਦੀ ਬੱਚੀ ਆਂਚਲ ਸੋਮਵਾਰ ਨੂੰ ਉਲਟੀਆਂ ਕਰਨ ਲੱਗ ਗਈ। ਉਸ ਨੇ ਦੋ ਵਾਰ ਉਲਟੀਆਂ ਕੀਤੀਆਂ ਤਾਂ ਉਹ ਇਸਲਾਮਗੰਜ ਹੀ ਇੱਕ ਡਾਕਟਰ ਕੋਲ ਲੈ ਗਏ। ਡਾਕਟਰ ਨੇ ਉਸ ਨੂੰ ਕਲੀਨਿਕ ਵਿੱਚ ਦਾਖਲ ਕਰ ਲਿਆ ਤੇ ਡਰਿੱਪ ਚੜ੍ਹਾਉਣੀ ਸ਼ੁਰੂ ਕਰ ਦਿੱਤੀ ਹੈ। ਇਸਦੇ ਬਾਵਜੂਦ ਲੜਕੀ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਈ। ਉਸ ਨੇ ਡਾਕਟਰ ਨੂੰ ਕਿਹਾ ਕਿ ਉਹ ਕਿਸੇ ਵੱਡੇ ਹਸਪਤਾਲ ਵਿੱਚ ਬੱਚੀ ਨੂੰ ਲੈ ਜਾਂਦੇ ਹਨ, ਪਰ ਡਾਕਟਰ ਨੇ ਮਨ੍ਹਾਂ ਕਰ ਦਿੱਤਾ। ਡਾਕਟਰ ਨੇ ਕਿਹਾ ਕਿ ਉਹ ਬੱਚੀ ਨੂੰ ਠੀਕ ਕਰ ਕੇ ਘਰ ਭੇਜੇਗਾ। ਸੰਦੀਪ ਨੇ ਦੱਸਿਆ ਕਿ ਸਵੇਰੇ ਤੋਂ ਸ਼ਾਮ ਤੱਕ ਉਸ ਦੀ ਬੱਚੀ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਆਇਆ। ਸ਼ਾਮ ਨੂੰ ਬੱਚੀ ਦੀ ਹੋਰ ਸਿਹਤ ਵਿਗੜਣ ਤੋਂ ਬਾਅਦ ਉਸ ਨੂੰ ਵੱਡੇ ਹਸਪਤਾਲ ਲੈ ਗਿਆ। ਐੱਸਪੀਐੱਸ ਹਸਪਤਾਲ ਪਹੁੰਚਦੇ ਹੀ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੂੰ ਇਸ ਮੌਕੇ ਕਾਫ਼ੀ ਸਦਮਾ ਪਹੁੰਚਿਆ। ਕਈ ਰਿਸ਼ਤੇਦਾਰਾਂ ਤੇ ਸਕੇ ਸਬੰਧੀਆਂ ਦੇ ਕਹਿਣ ’ਤੇ ਉਹ ਇਸ ਤੋਂ ਬਾਅਦ ਬੱਚੀ ਦੀ ਲਾਸ਼ ਨੂੰ ਲੈ ਕੇ ਇਸਲਾਮਗੰਜ ਡਾਕਟਰ ਦੇ ਹਸਪਤਾਲ ਪਹੁੰਚ ਗਏ। ਇਸ ਮੌਕੇ ਡਾਕਟਰ ਨੇ ਹਮਦਰਦੀ ਦਿਖਾਉਣ ਦੀ ਥਾਂ ਉਨ੍ਹਾਂ ਨਾਲ ਦੁਰਵਿਹਾਰ ਕੀਤਾ।
ਰਿਪੋਰਟ ਮਗਰੋਂ ਡਾਕਟਰ ਖ਼ਿਲਾਫ਼ ਹੋਵੇਗੀ ਕਾਰਵਾਈ: ਐੱਸਐੱਚਓ
ਡਾਕਟਰ ਨੇ ਉਨ੍ਹਾਂ ਦੀ ਗੱਲ ਸੁਣਨ ਦੀ ਬਜਾਏ ਉਸ ਨੂੰ ਉਲਟਾ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਉਸ ਨੇ ਇਸ ਸਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਐੱਸਐੱਚਓ ਆਕਾਸ਼ਦੱਤ ਦਾ ਕਹਿਣਾ ਹੈ ਕਿ ਅੱਜ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ, ਜਿਸ ਦੀ ਜਾਂਚ ਲਈ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਹੈ। ਇਸ ਦੀ ਰਿਪੋਰਟ ਆਉਣ ’ਤੇ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਏਗੀ।