ਬਹਾਦਰਜੀਤ ਸਿੰਘ
ਰੂਪਨਗਰ, 7 ਫਰਵਰੀ
ਰੂਪਨਗਰ ਵਿਚ ਚੱਲ ਰਿਹਾ ਪੰਜਾਬ ਬਰਡ ਫੈਸਟ-2021 ਅੱਜ ਸਮਾਪਤ ਹੋ ਗਿਆ। ਅੱਜ ਸਮਾਪਤੀ ਸਮਾਰੋਹ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਮੁੱਖ ਮਹਿਮਾਨ ਵਜੋਂ ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਰਾਣਾ ਕੇਪੀ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਟਿਕਾਣੇ ਹਨ, ਜਿੱਥੇ ਪਰਵਾਸੀ ਪੰਛੀਆਂ ਨੂੰ ਕੁਦਰਤੀ ਅਨੁਕੂਲ ਵਾਤਾਵਰਨ ਮਿਲਦਾ ਹੈ, ਜਿਵੇਂ ਕਿ ਪੰਜਾਬ ਵਿੱਚ ਹਰੀਕੇ ਪੱਤਣ, ਨੰਗਲ ਤੇ ਰੂਪ ਵਿੱਚ ਬਹੁਤ ਸਾਰੀਆਂ ਅਜਿਹੀਆਂ ਕੁਦਰਤੀ ਥਾਂਵਾਂ ਹਨ, ਜਿੱਥੇ ਇਹ ਪਰਵਾਸੀ ਪੰਛੀ ਹਰ ਵਰ੍ਹੇ ਠੰਢ ਦੇ ਮੌਸਮ ਵਿੱਚ ਆਉਂਦੇ ਹਨ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਵੀ ਇਸ ਬਰਡ ਫੈੱਸਟ ਦੇ ਪ੍ਰਬੰਧਕਾਂ ਦਾ ਵਧੀਆ ਉਪਰਾਲਾ ਕਰਨ ਲਈ ਧੰਨਵਾਦ ਕੀਤਾ। ਇਸ ਮੌਕੇ ਵਣ ਮੰਡਲ ਅਫਸਰ ਡਾ. ਮੋਨਿਕਾ ਯਾਦਵ ਨੇ ਵੀ ਸੰਬੋਧਨ ਕੀਤਾ। ਜੰਗਲੀ ਜੀਵਣ ਰੱਖਿਆ ਵਿਭਾਗ, ਪੰਜਾਬ ਨੇ ਪੇਂਟਿੰਗ ਅਤੇ ਫੋਟੋਗ੍ਰਾਫੀ ਮੁਕਾਬਲਿਆਂ ਦੇ ਜੇਤੂਆਂ ਦਾ ਸਨਮਾਨ ਕੀਤਾ।