ਦਵਿੰਦਰ ਸਿੰਘ ਭੰਗੂ
ਰਈਆ, 20 ਜਨਵਰੀ
ਪਿੰਡ ਸੁਧਾਰ ਰਾਜਪੂਤਾਂ ਵਿੱਚ ਘਰ ਦੇ ਬੂਹੇ ਅੱਗੇ ਖੜ੍ਹੇ ਹੋਣ ਤੋਂ ਰੋਕਣ ’ਤੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਇੱਕ ਵਿਅਕਤੀ ਦਾ ਸਰੀਆ ਮਾਰ ਕੇ ਕਤਲ ਕਰ ਦਿੱਤਾ ਅਤੇ ਉਸ ਦੇ ਭਰਾ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਪੁਲੀਸ ਥਾਣਾ ਖਿਲਚੀਆ ਨੇ ਪਿੰਡ ਦੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਿਰੁੱਧ ਜੇਰੇ ਧਾਰਾ 302,323,325,148,149 ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਪਤਨੀ ਮਨਜਿੰਦਰ ਸਿੰਘ ਵਾਸੀ ਸੁਧਾਰ ਰਾਜਪੂਤਾਂ ਨੇ ਦੱਸਿਆ ਕਿ ਉਸ ਦਾ ਪਤੀ ਮਨਜਿੰਦਰ ਸਿੰਘ ਰੁਜ਼ਗਾਰ ਵਿਭਾਗ ਬਿਊਰੋ ਡੀ ਸੀ ਦਫ਼ਤਰ ਅੰਮ੍ਰਿਤਸਰ ਵਿਖੇ ਬਤੌਰ ਕਲਰਕ ਡਿਊਟੀ ਕਰਦਾ ਸੀ ਜਿਸ ਵਕਤ ਉਹ ਸਵੇਰੇ 8 ਵਜੇ ਡਿਊਟੀ ’ਤੇ ਜਾਣ ਲੱਗਿਆ ਤਾਂ ਸਾਡੇ ਗੇਟ ਦੇ ਸਾਹਮਣੇ ਨਵਤੇਜ ਮਸੀਹ, ਲਵ ਪ੍ਰੀਤ ਮਸੀਹ, ਅਕਾਸ਼ ਦੀਪ, ਰਾਜੂ, ਜੱਜ, ਰੋਹਿਤ ਸਾਰੇ ਵਾਸੀ ਸੁਧਾਰ ਆਦਿ ਨੌਜਵਾਨ ਖੜ੍ਹੇ ਸਨ। ਉਸ ਦੇ ਪਤੀ ਨੇ ਇਨ੍ਹਾਂ ਨੌਜਵਾਨਾਂ ਨੂੰ ਗੇਟ ’ਤੇ ਖੜ੍ਹੇ ਹੋਣ ਤੋਂ ਰੋਕਿਆ ਜਿਸ ਕਾਰਨ ਹੋਈ ਲੜਾਈ ਵਿਚ ਉਕਤ ਨੌਜਵਾਨਾਂ ਨੇ ਉਸ ਦੇ ਪਤੀ ਦੇ ਸਿਰ ਵਿੱਚ ਸਰੀਏ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਉਹ ਗਲੀ ਵਿੱਚ ਡਿਗ ਪਿਆ। ਰੌਲਾ ਸੁਣਕੇ ਉਸ ਦਾ ਦਿਉਰ ਪ੍ਰਿਥੀਪਾਲ ਸਿੰਘ ਛੁਡਾਉਣ ਲਈ ਆਏ ਉਸ ਉੱਪਰ ਵੀ ਦਾਤਰ ਦਾ ਵਾਰ ਕਰਕੇ ਥੱਲੇ ਸੁੱਟ ਲਿਆ ਅਤੇ ਬੁਰੀ ਤਰ੍ਹਾਂ ਮਾਰਦੇ ਕੁੱਟਦੇ ਰਹੇ। ਇਸ ਦੌਰਾਨ ਉਸ ਦਾ ਪਤੀ ਬੇਹੋਸ਼ ਹੋ ਗਿਆ ਅਤੇ ਦਿਉਰ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਪਤੀ ਇਲਾਜ ਲਈ ਡੀਐੱਮਸੀ ਲੁਧਿਆਣਾ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਪ੍ਰਿਥੀਪਾਲ ਸਿੰਘ ਜੇਰੇ ਇਲਾਜ ਹਨ। ਪੁਲੀਸ ਥਾਣਾ ਖਲਚੀਆ ਦੇ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਉਕਤ ਬਿਆਨ ’ਤੇ ਮੁਲਜ਼ਮਾਂ ਵਿਰੁੱਧ ਪਰਚਾ ਦਰਜ ਕਰਕੇ ਤਫ਼ਤੀਸ਼ ਆਰੰਭ ਦਿੱਤੀ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।