ਨਵੀਂ ਦਿੱਲੀ, 13 ਜੁਲਾਈ
ਭਾਰਤੀ ਜਲਸੈਨਾ ਨੂੰ ਅਮਰੀਕਾ ਅਧਾਰਿਤ ਏਅਰੋਸਪੇਸ ਕੰਪਨੀ ਬੋਇੰਗ ਤੋਂ ਅੱਜ 10ਵਾਂ ਲੜਾਕੂ ਜਹਾਜ਼ ਪੀ-81 ਮਿਲ ਗਿਆ ਹੈ। ਇਹ ਜਹਾਜ਼ ਕਿਸੇ ਵੀ ਪਣਡੁੱਬੀ ਨੂੰ ਫੁੰਡਣ ਦੇ ਸਮਰੱਥ ਹੈ।
ਇਕ ਬਿਆਨ ਮੁਤਾਬਕ ਰੱਖਿਆ ਮੰਤਰਾਲੇ ਨੇ ਸਾਲ 2009 ਵਿੱਚ ਸ਼ੁਰੂਆਤ ’ਚ ਅੱਠ ਪੀ-81 ਜਹਾਜ਼ਾਂ ਲਈ ਕਰਾਰ ’ਤੇ ਸਹੀ ਪਾਈ ਸੀ ਤੇ ਮਗਰੋਂ ਸਾਲ 2016 ਵਿੱਚ ਚਾਰ ਵਾਧੂ ਪੀ-81 ਜਹਾਜ਼ਾਂ ਲਈ ਕਰਾਰ ਕੀਤਾ ਗਿਆ। ਬਿਆਨ ਮੁਤਾਬਕ ਰੱਖਿਆ ਮੰਤਰਾਲੇ ਵੱਲੋਂ ਚਾਰ ਵਾਧੂ ਲੜਾਕੂ ਜਹਾਜ਼ਾਂ ਲਈ ਕੀਤੇ ਕਰਾਰ ਤਹਿਤ ਇਹ ਦੂਜਾ ਜਹਾਜ਼ ਭਾਰਤ ਨੂੰ ਡਲਿਵਰ ਕੀਤਾ ਗਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪੀ-81 ਸਮੁੰਦਰ ਵਿੱਚ ਗੁਪਤ ਸਰਵੇਖਣ ਤੇ ਪਣਪੁੱਬੀ ਨੂੰ ਫੁੰਡਣ ਦੀਆਂ ਜੰਗੀ ਸਮਰੱਥਾਵਾਂ ਨਾਲ ਲੈਸ ਹੋਣ ਦੇ ਨਾਲ ਇਸ ਨੂੰ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਅਤੇ ਮਨੁੱਖੀ ਮਿਸ਼ਨਾਂ ਲਈ ਵੀ ਤਾਇਨਾਤ ਕੀਤਾ ਜਾਂਦਾ ਹੈ। ਭਾਰਤੀ ਜਲਸੈਨਾ ਨੂੰ 9ਵਾਂ ਪੀ-81 ਜਹਾਜ਼ ਪਿਛਲੇ ਸਾਲ ਨਵੰਬਰ ਵਿੱਚ ਮਿਲਿਆ ਸੀ। ਗਸ਼ਤੀ ਜਹਾਜ਼ ਪੀ-81 ਭਾਰਤੀ ਜਲਸੈਨਾ ਦਾ ਅਟੁੱਟ ਅੰਗ ਹੈ ਤੇ ਸਾਲ 2013 ਵਿੱਚ ਫਲੀਟ ’ਚ ਸ਼ਾਮਲ ਕੀਤੇ ਜਾਣ ਤੋਂ ਹੁਣ ਤੱਕ ਇਹ 30 ਹਜ਼ਾਰ ਉਡਾਣ ਘੰਟਿਆਂ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। -ਪੀਟੀਆਈ