ਮਕਬੂਲ ਅਹਿਮਦ
ਕਾਦੀਆਂ, 29 ਅਕਤੂਬਰ
ਕਰੋਨਾਵਾਇਰਸ ਕਾਰਨ ਭਾਰਤ-ਪਾਕਿਸਤਾਨ ਸਰਹੱਦ ਬੰਦ ਹੋਣ ਕਰਕੇ ਆਮ ਨਾਗਰਿਕ ਸਰਹੱਦ ਪਾਰ ਆ-ਜਾ ਨਹੀਂ ਸਕਦੇ, ਜਿਸ ਕਾਰਨ ਇਨ੍ਹਾਂ ਦੇਸ਼ਾਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਦੇ ਆਪਸ ’ਚ ਹੋਣ ਵਾਲੇ ਵਿਆਹਾਂ ’ਤੇ ਤਲਵਾਰ ਲਟਕ ਗਈ ਹੈ ਅਤੇ ਰਿਸ਼ਤੇ ਟੁੱਟਣ ਦਾ ਖ਼ਦਸ਼ਾ ਹੈ। ਕਰਾਚੀ ਅਤੇ ਲਾਹੌਰ ਦੀਆਂ ਮੁਟਿਆਰਾਂ, ਜਿਨ੍ਹਾਂ ਦੇ ਰਿਸ਼ਤੇ ਚੜ੍ਹਦੇ ਪੰਜਾਬ ’ਚ ਤੈਅ ਹੋਏ ਹਨ, ਨੂੰ ਭਾਰਤ- ਪਾਕਿਸਤਾਨ ਸਰਹੱਦ ਖੁੱਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਕਰਾਚੀ ਦੀ ਵਸਨੀਕ ਸੁਨੀਤਾ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਸ ਦਾ ਪੰਜਾਬ (ਭਾਰਤ) ਦੇ ਨੌਜਵਾਨ ਨਾਲ ਰਿਸ਼ਤਾ ਤੈਅ ਹੋਇਆ ਸੀ ਤੇ ਜੂਨ ਮਹੀਨੇ ਊਨ੍ਹਾਂ ਦਾ ਵਿਆਹ ਸੀ। ਉਸ ਦੇ ਮੰਗੇਤਰ ਨੇ ਵੀਜ਼ੇ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਪਰ ਕੋਵਿਡ-19 ਨੇ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਸੀ। ਉਸ ਦੇ ਪਰਿਵਾਰ ਵਾਲੇ ਉਸ ਦੇ ਵਿਆਹ ਲਈ ਕਾਫ਼ੀ ਫ਼ਿਕਰਮੰਦ ਹਨ ਕਿਉਂਕਿ ਉਸ ਦੀ ਛੋਟੀ ਭੈਣ ਦਾ ਵਿਆਹ ਵੀ ਹੋਣਾ ਹੈ। ਇਸੇ ਤਰ੍ਹਾਂ ਲਾਹੌਰ ਦੀ ਜੈਸਲੀਨ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਸ ਦਾ ਵਿਆਹ ਵੀ ਕਰੋਨਾਵਾਇਰਸ ਕਾਰਨ ਰੁਕਿਆ ਹੋਇਆ ਹੈ। ਹੁਣ ਉਸ ਦੇ ਪਰਿਵਾਰ ਵਾਲੇ ਸੋਚ ਰਹੇ ਹਨ ਕਿ ਜੇ ਛੇਤੀ ਆਵਾਜਾਈ ਸ਼ੁਰੂ ਨਾ ਹੋਈ ਤਾਂ ਉਹ ਰਿਸ਼ਤਾ ਤੋੜ ਦੇਣਗੇ। ਇਨ੍ਹਾਂ ਮੁਟਿਆਰਾਂ ਨੇ ਭਾਰਤ-ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਪਾਕਿਸਤਾਨੀ ਲੜਕੀਆਂ ਦੇ ਵਿਆਹ ਭਾਰਤ ਵਿੱਚ ਹੋਣੇ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਭਾਰਤ ਆਉਣ ਲਈ ਵਿਸ਼ੇਸ਼ ਵੀਜ਼ਾ ਜਾਰੀ ਕੀਤਾ ਜਾਵੇ। ਸਮਾਜ ਸੇਵਕ ਗਗਨਦੀਪ ਸਿੰਘ ਗਿੰਨੀ ਭਾਟੀਆ ਨੇ ਕਿਹਾ ਕਿ ਦੋਵਾਂ ਸਰਕਾਰਾਂ ਨੂੰ ਵਿਆਹ ਵਾਲੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਵੀਜ਼ੇ ਜਾਰੀ ਕਰਨੇ ਚਾਹੀਦੇ ਹਨ।